- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਆਪ੍ਰੇਟਰ ਆਪਣੀ ਬਣਦੀ ਤਨਖਾਹ ਲਈ ਕਲਮਛੋੜ ਹੜਤਾਲ ਕਰਦੇ ਹਨ, ਤਾਂ ਕੰਪਨੀ ਵੱਲੋਂ ਉਨ੍ਹਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ।

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਮੂਹ ਪੰਜਾਬ ਦੇ ਫ਼ਰਦ ਕੇਂਦਰ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤਰਨਤਾਰਨ ਵਿਖੇ ਵੀ ਫ਼ਰਦ ਕੇਂਦਰ ਯੂਨੀਅਨ ਵੱਲੋਂ ਜ਼ਿਲ੍ਹੇ ਦੇ ਸਮੂਹ ਆਪ੍ਰੇਟਰਾਂ ਵੱਲੋਂ ਵੱਖ-ਵੱਖ ਤਹਿਸੀਲਾਂ ਦੇ ਫ਼ਰਦ ਕੇਂਦਰ ਬੰਦ ਕਰ ਕੇ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਫਰਦ ਕੇਂਦਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਸਮੂਹ ਪੰਜਾਬ ਦੇ ਡਾਟਾ ਐਂਟਰੀ ਆਪ੍ਰੇਟਰ ਪਿਛਲੇ 17-18 ਸਾਲਾਂ ਤੋਂ ਫ਼ਰਦ ਕੇਂਦਰਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਿਰਤ ਕਾਨੂੰਨਾਂ ਤੋਂ ਵੀ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਆਪ੍ਰੇਟਰਾਂ ਨੂੰ ਕੇਵਲ 7 ਹਜ਼ਾਰ ਤੋਂ 9200 ਰੁਪਏ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ, ਨਾਂ ਤਾਂ ਸਮੇਂ-ਸਿਰ ਤਨਖਾਹ ਮਿਲਦੀ ਹੈ ਅਤੇ ਨਾਂ ਹੀ ਤਨਖਾਹਾਂ ’ਚ ਕੋਈ ਵਾਧਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਈ ਆਪ੍ਰੇਟਰਾਂ ਨੂੰ ਨਾਂ ਤਾਂ ਈਐੱਸਆਈਸੀ ਕਾਰਡ ਦੀ ਸਹੂਲਤ ਦਿੱਤੀ ਗਈ ਹੈ ਅਤੇ ਨਾਂ ਹੀ ਈਪੀਐੱਫ ਲਾਗੂ ਕੀਤਾ ਗਿਆ ਹੈ। ਸੀਐੱਮਐੱਸ ਕੰਪਿਊਟਰ ਲਿਮਟਿਡ ਕੰਪਨੀ ਵਲੋਂ ਅਕਤੂਬਰ 2024 ਤੋਂ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ 2-3 ਮਹੀਨੇ ਕੰਮ ਕਰਵਾ ਕੇ ਕੇਵਲ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਜਦੋਂ ਆਪ੍ਰੇਟਰ ਆਪਣੀ ਬਣਦੀ ਤਨਖਾਹ ਲਈ ਕਲਮਛੋੜ ਹੜਤਾਲ ਕਰਦੇ ਹਨ, ਤਾਂ ਕੰਪਨੀ ਵੱਲੋਂ ਉਨ੍ਹਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਵੀ ਪੱਕੀ ਨੀਤੀ ਤਿਆਰ ਨਹੀਂ ਕੀਤੀ ਗਈ। ਸਰਕਾਰ ਵੱਲੋਂ ਨੀਤੀ ਬਣਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ, ਪਰ ਇਸ ਦੇ ਉਲਟ ਕੰਪਨੀ ਵੱਲੋਂ ਆਪ੍ਰੇਟਰਾਂ ਨੂੰ 31 ਮਾਰਚ 2026 ਤੋਂ ਕੰਮ ਬੰਦ ਕਰਨ ਦੇ ਸੁਨੇਹੇ ਭੇਜੇ ਗਏ ਹਨ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨਵਾਂ ਰੁਜ਼ਗਾਰ ਦੇਣ ਦੀ ਬਜਾਏ, ਮੌਜੂਦਾ ਰੁਜ਼ਗਾਰ ਵੀ ਖੋਹਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫ਼ਰਦ ਕੇਂਦਰਾਂ ਦੇ ਡਾਟਾ ਐਂਟਰੀ ਆਪ੍ਰੇਟਰ ਮਾਲ ਵਿਭਾਗ ਦੇ ਕੰਮਾਂ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ। ਇਸ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਪਟਵਾਰੀਆਂ ਜਾਂ ਹੋਰ ਖਾਲੀ ਅਸਾਮੀਆਂ ’ਤੇ ਭਰਤੀ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਸਰਕਾਰ ਅੱਗੇ ਮੰਗ ਕੀਤੀ ਗਈ ਕਿ ਦਸੰਬਰ 2025 ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਤੇ ਉਪਰੋਕਤ ਸਾਰੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਾਂ ਕੀਤੀਆਂ ਗਈਆਂ ਤਾਂ ਮਜਬੂਰਨ ਸਰਕਾਰ ਖ਼ਿਲਾਫ਼ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।