ਚਾਰ ਸਾਲ ਬੀਤਣ ’ਤੇ ਵੀ ਆਸ਼ਾ ਵਰਕਰਜ਼ ਨੂੰ ਸਰਕਾਰ ਨੇ ਨਹੀਂ ਦਿੱਤੀ ਦੁੱਗਣੀ ਤਨਖ਼ਾਹ : ਆਗੂ
ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖ਼ਿਲਾਫ਼ੀ ਕਰਦਿਆਂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਭੱਤੇ ’ਚ ਵਾਧਾ ਕੀਤਾ ਅਤੇ ਨਾ ਹੀ ਕੋਈ ਬੱਝਵੀਂ ਸਨਮਾਨਯੋਗ ਤਨਖਾਹ ਦਿੱਤੀ
Publish Date: Wed, 25 Mar 2026 07:25 PM (IST)
Updated Date: Thu, 26 Mar 2026 04:08 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਮੰਗਾਂ ਨੂੰ ਲੈ ਕੇ ਦਸਵੇਂ ਦਿਨ ਬੁੱਧਵਾਰ ਨੂੰ ਵੀ ਆਪਣਾ ਸੰਘਰਸ਼ ਜਾਰੀ ਰੱਖਦਿਆਂ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮਨਦੀਪ ਕੌਰ ਝਬਾਲ, ਮਨਜੀਤ ਕੌਰ ਗੋਹਲਵੜ, ਪਰਮਜੀਤ ਕੌਰ ਮਾਲੂਵਾਲ, ਪੂਨਮ ਕੁਮਾਰੀ ਤਰਨਤਾਰਨ ਦੀ ਅਗਵਾਈ ’ਚ ਇਕੱਤਰ ਹੋਈਆਂ ਆਸ਼ਾ ਵਰਕਰਾਂ ਨੇ ਮੰਗ ਕੀਤੀ ਕਿ ਉਹ ਪਿਛਲੇ 18 ਸਾਲ ਤੋਂ ਬੜੀ ਮਿਹਨਤ ਨਾਲ ਸਿਹਤ ਵਿਭਾਗ ’ਚ ਦਿਨ-ਰਾਤ ਕੰਮ ਕਰਦੀਆਂ ਹਨ, ਪਰ ਬਦਲੇ ’ਚ ਉਨ੍ਹਾਂ ਨੂੰ ਨਿਗੂਣੇ ਭੱਤੇ ਅਤੇ ਕੇਵਲ 2500 ਰੁਪਏ ਮਹੀਨੇ ਦਿੱਤਾ ਜਾਂਦਾ ਹੈ, ਜੋ ਇਕ ਸਰਕਾਰੀ ਵਰਕਰ ਨਾਲ ਕੋਝਾ ਮਜ਼ਾਕ ਹੈ। ਕੋਰੋਨਾ ਕਾਲ ’ਚ ਜਦੋਂ ਮੌਤ ਤੋਂ ਡਰਦਾ ਕੋਈ ਡਾਕਟਰ ਕਿਸੇ ਵੀ ਮਰੀਜ਼ ਨੂੰ ਦਵਾਈ ਤਾਂ ਕੀ, ਮੂੰਹ ਨਹੀਂ ਸੀ ਦੇਖਣਾ ਚਾਹੁੰਦਾ, ਪਰ ਆਸ਼ਾ ਵਰਕਰਜ਼ ਨੇ ਫਰੰਟ ਲਾਈਨ ’ਤੇ ਕੰਮ ਕਰਕੇ ਲੋਕਾਂ ਦੀ ਜਾਨ ਬਚਾਉਂਦੀਆਂ ਰਹੀਆਂ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖ਼ਿਲਾਫ਼ੀ ਕਰਦਿਆਂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਭੱਤੇ ’ਚ ਵਾਧਾ ਕੀਤਾ ਅਤੇ ਨਾ ਹੀ ਕੋਈ ਬੱਝਵੀਂ ਸਨਮਾਨਯੋਗ ਤਨਖਾਹ ਦਿੱਤੀ ਹੈ, ਜਿਸ ਕਰ ਕੇ ਸਾਨੂੰ ਮਜਬੂਰ ਹੋ ਕੇ 16 ਮਾਰਚ ਤੋਂ 28 ਮਾਰਚ ਤਕ ਸਾਰੇ ਕੰਮਾਂ ਦਾ ਬਾਈਕਾਟ ਕਰਨਾ ਪਿਆ। ਇਸ ਮੌਕੇ ਜਸਬੀਰ ਕੌਰ ਡਾਲੇਕੇ, ਪ੍ਰਭਜੀਤ ਕੌਰ ਝਬਾਲ, ਪੂਨਮ ਤਰਨਤਾਰਨ, ਸਿੰਦਰਪਾਲ ਕੌਰ ਕੱਦਗਿਲ, ਦਵਿੰਦਰ ਕੌਰ ਝਬਾਲ, ਬਲਵਿੰਦਰ ਕੌਰ ਖਾਰਾ, ਸਿਮਰਨ ਪੰਡੋਰੀ ਗੋਲਾ, ਤੇਜਿੰਦਰ ਕੌਰ ਜਮਸਤਪੁਰ, ਸਿਰੋਜ ਬਾਲਾ ਠਰੂ, ਮਨਜੀਤ ਕੌਰ ਮੱਲ੍ਹੀਆ, ਪਰਮਜੀਤ ਕੌਰ ਨੌਰੰਗਾਬਾਦ, ਅੰਜੂ ਤਰਨਤਾਰਨ, ਕੁਲਦੀਪ ਕੌਰ ਮੁਰਾਦਪੁਰ, ਜਸਬੀਰ ਕੌਰ ਮਾਣੋਚਾਹਲ, ਗੁਰਪ੍ਰੀਤ ਕੌਰ ਬਾਠ, ਰਵਿੰਦਰਪਾਲ ਕੌਰ ਸ਼ੇਖ, ਹਰਜਿੰਦਰ ਕੌਰ ਖਾਰਾ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਰਜ ਸਿੰਘ ਕੈਰੋਂ ਆਦਿ ਆਗੂ ਹਾਜਰ ਸਨ।