ਬਿਜਲੀ ਕਾਮਿਆਂ ਨੇ ਚਾਰ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
ਆਗੂਆਂ ਨੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ ’ਤੇ 10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਜ਼ੋਰਦਾਰ ਤਿਆਰੀਆਂ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ।
Publish Date: Wed, 01 Apr 2026 04:07 PM (IST)
Updated Date: Thu, 02 Apr 2026 04:01 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਿਹਨਤਕਸ਼ ਜਮਾਤ ਦਾ ਪੱਖ ਪੂਰਨ ਵਾਲੇ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ 1 ਅਪ੍ਰੈਲ ਤੋਂ ਦੇਸ਼ ’ਚ ਚਾਰ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ। ਜਿਸ ਖ਼ਿਲਾਫ਼ 10 ਕੇਂਦਰੀ ਟਰੇਡ ਯੂਨੀਅਨਾਂ ਤੇ ਅਜ਼ਾਦ ਫੈੱਡਰੇਸ਼ਨਾਂ, ਐਸੋਸੀਏਸ਼ਨਾਂ ਦੇ ਸਾਂਝੇ ਦੇਸ਼ ਵਿਆਪੀ ਸੱਦੇ ’ਤੇ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਂਝੇ ਥੜੇ ’ਚ ਸ਼ਾਮਿਲ ਆਗੂਆਂ ਤੇ ਵਰਕਰਾਂ ਨੇ ਪਾਵਰਕਾਮ ਦੇ ਸਥਾਨਕ ਸਰਕਲ ਦਫ਼ਤਰ ਦੇ ਗੇਟ ’ਤੇ ਇਕੱਤਰ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਭੇਜ ਸਿੰਘ ਢਿੱਲੋਂ, ਹਰਦੇਵ ਸਿੰਘ ਨਾਗੋਕੇ, ਸਰਕਲ ਆਗੂ ਕੁਲਵਿੰਦਰ ਸਿੰਘ ਬਾਗੜੀਆ, ਪੂਰਨ ਦਾਸ, ਲਖਬੀਰ ਸਿੰਘ ਰੈਸ਼ੀਆਣਾ, ਧਰਮਵੀਰ ਸਿੰਘ ਪੱਟੀ, ਰਣਜੀਤ ਸਿੰਘ, ਸਰਕਲ ਸੁਪਰਡੈਂਟ ਕਵਲਜੀਤ ਕੌਰ, ਰੋਡਵੇਜ਼ ਕਾਮਿਆਂ ਦੇ ਆਗੂ ਅਜਮੇਰ ਸਿੰਘ ਕੱਲਾ, ਪੰਜਾਬ ਪੈਨਸ਼ਨਰ ਯੂਨੀਅਨ ਏਟਕ ਦੇ ਆਗੂ ਸਵਰਨ ਸਿੰਘ ਕੁਹਾੜਕਾ, ਕੁੱਲ ਹਿੰਦ ਕਿਸਾਨ ਸਭਾ 1936 ਦੇ ਆਗੂ ਦਵਿੰਦਰ ਸੋਹਲ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਟਰੇਡ ਯੂਨੀਅਨਾਂ ਵੱਲੋਂ ਵੱਡੇ ਅੰਦੋਲਨ ਕਰ ਕੇ ਜੋ ਹੱਕ ਹਕੂਕ ਪ੍ਰਾਪਤ ਕੀਤੇ ਸਨ। ਉਨ੍ਹਾਂ ਨੂੰ ਮੋਦੀ ਸਰਕਾਰ ਨੇ ਖ਼ਤਮ ਕਰ ਕੇ ਮੁਲਾਜ਼ਮ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ 1 ਅਪ੍ਰੈਲ ਤੋਂ ਦੇਸ਼ ’ਚ ਲਾਗੂ ਕਰ ਕੇ ਮਿਹਨਤਕਸ਼ ਜਮਾਤ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਜਿਸ ਨੂੰ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਮਾਤ ਕਾਲੇ ਦਿਨ ਦੇ ਤੌਰ ’ਤੇ ਯਾਦ ਰੱਖੇਗੀ। ਆਗੂਆਂ ਨੇ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ ’ਤੇ 10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਜ਼ੋਰਦਾਰ ਤਿਆਰੀਆਂ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ। ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਪੇਸ਼ ਕੀਤੇ ਹਲਫ਼ਨਾਮੇ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਸਬੰਧੀ ਅਪਣਾਏ ਜਾ ਰਹੇ ਰੁੱਖੇ ਰਵੱਈਏ ਖ਼ਿਲਾਫ਼ ਸਾਰੇ ਵਰਗਾਂ ਨੂੰ ਇਕੱਠਿਆਂ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।