ਸਿੱਖਿਆ ਵਿਭਾਗ ਤਰੱਕੀਆਂ ’ਚ ਸੀਨੀਅਰ ਅਧਿਆਪਕਾਂ ਨਾਲ ਕਰ ਰਿਹੈ ਧੱਕੇਸ਼ਾਹੀ : ਗੋਹਲਵੜ
ਵਿਭਾਗ ਬਹੁਤ ਜਲਦੀ ਪ੍ਰਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾ ਰਿਹਾ ਹੈ ਜੋ ਕਿ ਸੀਨੀਅਰਤਾ ਦੀ ਉਲੰਘਣਾ ਹੈ
Publish Date: Sat, 24 Jan 2026 06:21 PM (IST)
Updated Date: Sun, 25 Jan 2026 04:13 AM (IST)

-2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ’ਤੇ ਟੀਈਟੀ ਦੀ ਜ਼ਬਰੀ ਸ਼ਰਤ ਲਾ ਕੇ ਤਰੱਕੀ ਰੋਕੀ ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਸਿੱਖਿਆ ਵਿਭਾਗ ਅਕਸਰ ਆਪਣੇ ਪੁੱਠੇ ਸਿੱਧੇ ਇਕਤਰਫ਼ਾ ਨਾਦਰਸ਼ਾਹੀ ਹੁਕਮਾਂ ਨੂੰ ਲੈ ਕੇ ਸੁਰਖੀਆਂ ’ਚ ਰਹਿੰਦਾ ਹੈ ਤੇ ਹੁਣ ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਲੈ ਕੇ ਸਾਹਮਣੇ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਬੀਐੱਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਤਰੱਕੀਆਂ ਨੂੰ ਲੈ ਕੇ ਇਕ ਨਵਾਂ ਤੁਗਲਕੀ ਫ਼ੁਰਮਾਨ ਜਾਰੀ ਕੀਤਾ ਹੈ। ਜਿਸ ਅਧੀਨ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਵਿਭਾਗ ’ਚ ਟੀਈਟੀ ਪਾਸ ਕਰ ਕੇ ਨਵੇਂ ਬਣੇ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਪਰ 2001 ਤੋਂ 2008 ਤੱਕ ਭਰਤੀ ਹੋਏ ਅਧਿਆਪਕਾਂ ਨੂੰ ਤਰੱਕੀਆਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਜਦੋਂ ਕਿ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ 29 ਜੁਲਾਈ 2011 ਤੋਂ ਪਹਿਲਾਂ ਭਰਤੀ ਈਟੀਟੀ ਅਧਿਆਪਕਾਂ ਲਈ ਮਾਸਟਰ ਕੇਡਰ ਪ੍ਰਮੋਸ਼ਨ ਵਾਸਤੇ ਟੈੱਟ 2 ਲਾਜ਼ਮੀ ਨਹੀਂ ਸੀ। ਸੋ ਇਨ੍ਹਾਂ ਅਧਿਆਪਕ ਸਾਥੀਆਂ ਨੇ ਟੈੱਟ 2 ਪ੍ਰੀਖਿਆ ਨਹੀਂ ਦਿੱਤੀ ਕਿਉਂਕਿ ਜ਼ਰੂਰਤ ਨਹੀਂ ਸੀ। ਇਸ ਤੋਂ ਇਲਾਵਾ ਟੈੱਟ ਦਾ ਪੇਪਰ 2025 ਵਿਚ ਲਿਆ ਨਹੀਂ ਗਿਆ। ਇਕ ਸਤੰਬਰ 2025 ਨੂੰ ਸੁਪਰੀਮ ਕੋਰਟ ਨੇ ਪ੍ਰਮੋਸ਼ਨ ਲਈ ਟੈੱਟ 2 ਲਾਜਮੀ ਕਰ ਦਿੱਤਾ। ਜਦੋਂ ਕਿ ਇਹ ਫੈਸਲਾ ਅਜੇ ਸੁਪਰੀਮ ਕੋਰਟ ਦੇ ਮੁੜ ਵਿਚਾਰ ਅਧੀਨ ਹੈ। ਸਿੱਖਿਆ ਵਿਭਾਗ ਸਰਵਿਸ ਰੂਲਾਂ ਨੂੰ ਅੱਖੋਂ ਪਰੋਖੇ ਕਰਕੇ, ਆਪਣੇ ਹਿਸਾਬ ਨਾਲ਼ ਹੀ ਨਵ ਨਿਯੁਕਤ ਅਧਿਆਪਕਾਂ ਨੂੰ ਪ੍ਰਮੋਟ ਕਰਕੇ ਸੀਨੀਅਰ ਅਧਿਆਪਕਾਂ ਦੇ ਹੱਕਾਂ ’ਤੇ ਡਾਕਾ ਮਾਰ ਰਿਹਾ ਹੈ। ਵਿਭਾਗ ਬਹੁਤ ਜਲਦੀ ਪ੍ਰਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾ ਰਿਹਾ ਹੈ ਜੋ ਕਿ ਸੀਨੀਅਰਤਾ ਦੀ ਉਲੰਘਣਾ ਹੈ । ਇਸ ਤੋਂ ਇਲਾਵਾ ਆਗੂਆਂ ਬਲਜਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਭੁੱਲਰ, ਜਗਜੀਤ ਸਿੰਘ ਖਹਿਰਾ, ਹਰਪਾਲ ਸਿੰਘ ਤੇ ਪਲਵਿੰਦਰ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਇਹ ਪ੍ਰਮੋਸ਼ਨਾਂ ਨੂੰ ਤੁਰੰਤ ਨਾ ਰੋਕਿਆ ਤਾਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਅਮਰਾਜ ਸਿੰਘ ਚਾਹਲ, ਗੁਰਪ੍ਰੀਤ ਸਿੰਘ ਛੀਨਾ, ਜੰਗਸ਼ੇਰ ਸਿੰਘ ਬੋਪਾਰਾਏ, ਸੁਖਬੀਰ ਸਿੰਘ ਪਹੂਵਿੰਡ, ਜਗਦੇਵ ਸਿੰਘ, ਗੁਰਭੇਜ ਸਿੰਘ ਤਰਨ ਤਾਰਨ, ਤੇਜਿੰਦਰ ਸਿੰਘ ਨੌਸ਼ਹਿਰਾ ਪੰਨੂਆਂ, ਹਰਮਿੰਦਰ ਸਿੰਘ ਪੱਟੀ, ਬਲਰਾਜ ਸਿੰਘ ਵਲਟੋਹਾ, ਪਰਮਿੰਦਰ ਸਿੰਘ ਚੋਹਲਾ ਸਾਹਿਬ, ਜਗਰੂਪ ਸਿੰਘ, ਰਣਜੀਤ ਸਿੰਘ, ਹਰਪਾਲ ਸਿੰਘ, ਰਵਿੰਦਰ ਸਿੰਘ ਪੱਟੀ, ਜਗਜੀਤ ਸਿੰਘ ਗਿੱਲ, ਅਮਨਦੀਪ ਸਿੰਘ ਕਰੀਰ ਸਮੇਤ ਸੈਂਕੜੇ ਅਧਿਆਪਕ ਹਾਜ਼ਰ ਸਨ।