ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਵਧਣ ਲੱਗੀ ਆਵਾਰਾ ਕੁੱਤਿਆਂ ਦੀ ਗਿਣਤੀ
ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿਚ ਵੀ ਵਧਣ ਲੱਗੀ ਅਵਾਰਾ ਕੁੱਤਿਆਂ ਦੀ ਗਿਣਤੀ
Publish Date: Thu, 15 Jan 2026 08:00 PM (IST)
Updated Date: Fri, 16 Jan 2026 04:10 AM (IST)

ਰਾਹਗੀਰਾਂ ਦੀ ਜਾਨ ਦੀ ਬਣ ਰਹੇ ਖੌਅ, ਲੋਕਾਂ ’ਚ ਦਹਿਸ਼ਤ ਦਾ ਮਾਹੌਲ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਨਾਲ-ਨਾਲ ਹੁਣ ਪਿੰਡਾਂ ਵਿਚ ਵੀ ਅਵਾਰਾ ਕੁੱਤਿਆਂ ਦੀ ਗਿਣਤੀ ’ਚ ਚੋਖਾ ਵਾਧਾ ਹੋ ਰਿਹਾ ਹੈ। ਪਿੰਡਾਂ ਦੀਆਂ ਗਲੀਆਂ, ਫਿਰਨੀਆਂ ਤੋਂ ਇਲਾਵਾ ਪਗਡੰਡੀਆਂ ਤਕ ’ਤੇ ਆਵਾਰਾ ਕੁੱਤਿਆਂ ਦੀਆਂ ਫਿਰਦੀਆਂ ਡਾਰਾਂ ਤੋਂ ਲੋਕ ਦਹਿਸ਼ਤ ਵਿਚ ਆਏ ਪਏ ਹਨ। ਕਿਉਂਕਿ ਸਵੇਰੇ ਤੜਕਸਾਰ ਖੇਤਾਂ ਜਾਂ ਕੰਮਾਂ ਕਾਰਾਂ ’ਤੇ ਜਾਣ ਵਾਲੇ ਲੋਕਾਂ ਲਈ ਇਹ ਕੁੱਤੇ ਕਿਸੇ ਵੇਲੇ ਵੀ ਜਾਨ ਦਾ ਖੌਅ ਬਣ ਸਕਦੇ ਹਨ। ਹਾਲਾਂਕਿ ਆਵਾਰਾ ਕੁੱਤਿਆਂ ਵੱਲੋਂ ਪਹਿਲਾਂ ਕਈ ਮਨੁੱਖਾਂ ਤੇ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਤਰਨਤਾਰਨ ਦੀ ਗੱਲ ਕਰੀਏ ਤਾਂ ਇਥੋਂ ਦੇ ਬਜਾਰਾਂ ਅਤੇ ਗਲੀਆਂ ਤਕ ਵਿਚ ਅਵਾਰਾ ਕੁੱਤਿਆਂ ਦੀਆਂ ਡਾਰਾਂ ਫਿਰਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਸਵੇਰੇ ਗੁਰੂ ਘਰ ਜਾਣ ਵਾਲੇ ਲੋਕ ਹੋਣ ਜਾਂ ਦੇਰ ਰਾਤ ਕੰਮਾਂ ਤੋਂ ਵਾਪਸ ਆਉਣ ਵਾਲੇ ਲੋਕ, ਉਨ੍ਹਾਂ ਲਈ ਇਹ ਕੁੱਤੇ ਵੱਡੀ ਸਿਰਦਰਦੀ ਬਣੇ ਰਹਿੰਦੇ ਹਨ। ਕਈ ਵਾਰ ਤਾਂ ਇੰਨਾ ਕੁੱਤਿਆਂ ਦੇ ਕੋਲੋਂ ਲੰਘਣਾ ਤਕ ਔਖਾ ਹੋ ਜਾਂਦਾ ਹੈ। ਸ਼ਹਿਰ ’ਚ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤ ਚਿੰਤਾ ਦਾ ਵਿਸ਼ਾ ਤਾਂ ਬਣੀ ਹੀ ਹੋਈ ਹੈ, ਹੁਣ ਪਿੰਡਾਂ ਦੇ ਲੋਕ ਵੀ ਆਵਾਰਾ ਕੁੱਤਿਆਂ ਦੀ ਦਹਿਸ਼ਤ ਵਿਚ ਆ ਚੁੱਕੇ ਹਨ। ਤਰਨਤਾਰਨ ਸ਼ਹਿਰ ਦੇ ਨਾਲ ਲੱਗਦੇ ਪਿੰਡ ਕੱਕਾ ਕੰਡਿਆਲਾ ਬਾਈਪਾਸ ’ਤੇ ਪੈਂਦੀ ਰੋਹੀ ਦੇ ਪੁਲ ਹੇਠਾਂ ਲੋਕ ਮਰੇ ਪਸ਼ੂ ਸੁੱਟ ਜਾਂਦੇ ਹਨ, ਜਿਨ੍ਹਾਂ ਨੂੰ ਖਾਣ ਵਾਸਤੇ ਵੱਡੀ ਗਿਣਤੀ ਅਵਾਰਾ ਕੁੱਤੇ ਇਕੱਠੇ ਹੋ ਜਾਂਦੇ ਹਨ। ਇਹ ਕੁੱਤੇ ਅਕਸਰ ਹੀ ਸੜਕ ਉੱਪਰ ਵੀ ਆ ਜਾਂਦੇ ਹਨ ਅਤੇ ਦੋ ਪਹੀਆ ਵਾਹਨ ਚਾਲਕਾਂ ਨਾਲ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਅਵਾਰਾ ਕੁੱਤਿਆ ਕਰਕੇ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ। ਅਵਾਰਾ ਕੁੱਤਿਆਂ ਦੇ ਝੁੰਡ ਹੁਣ ਆਮ ਹੀ ਖੇਤਾਂ ਵਿਚ ਘੁੰਮਦੇ ਵੀ ਵੇਖੇ ਜਾ ਸਕਦੇ ਹਨ। ਜਿਸਦੇ ਚਲਦਿਆਂ ਬਹਿਕਾਂ ਆਦਿ ’ਤੇ ਰਹਿੰਦੇ ਲੋਕਾਂ ਦੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ। ਜੇਕਰ ਸਮਾਂ ਰਾਤ ਦਾ ਹੋਵੇ ਤਾਂ ਇਹ ਕੁੱਤੇ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਹੁੰਦੇ। ਬਾਕਸ- ਅਨੇਕਾਂ ਹਾਦਸੇ ਵਾਪਰਨ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ : ਖੇੜਾ ਸੁਸਾਇਟੀ ਫਾਰ ਐਕਸੀਡੈਂਟ ਏਡ ਤੇ ਟਰੈਫਿਕ ਹੈਲਪ ਦੇ ਚੇਅਰਮੈਨ ਰਮਨੀਕ ਸਿੰਘ ਖੇੜਾ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਇਨ੍ਹਾਂ ਦੀ ਵਧ ਰਹੀ ਗਿਣਤੀ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਹਾਲੇ ਤਕ ਕੋਈ ਵੀ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬਾਈਪਾਸ ਨਜਦੀਕ ਸੰਘਣੀਆਂ ਝਾੜੀਆਂ ’ਚ ਮਰੇ ਹੋਏ ਪਸ਼ੂ ਸੁੱਟਣ ਵਾਲਿਆਂ ’ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਕੋਈ ਘਟਨਾ ਨਾ ਵਾਪਰਣ ਤੋਂ ਪਹਿਲਾਂ ਹੀ ਇਸਦਾ ਹੱਲ ਨਿਕਲ ਸਕੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਸਮੱਸਿਆ ਵੱਲ ਧਿਆਨ ਦੇਵੇ। ਬਾਕਸ- ਕਈ ਵਾਰ ਛੋਟੇ-ਛੋਟੇ ਬੱਚੇ ਵੀ ਬਣ ਚੁੱਕੇ ਕੁੱਤਿਆਂ ਦਾ ਸ਼ਿਕਾਰ : ਅਰੋੜਾ ਉੱਘੇ ਸਮਾਜ ਚਿੰਤਕ ਐਡਵੋਕੇਟ ਰਾਕੇਸ਼ ਰਮਨ ਅਰੋੜਾ ਦਾ ਕਹਿਣਾ ਹੈ ਕਿ ਕਈ ਵਾਰ ਛੋਟੇ ਛੋਟੇ ਬੱਚਿਆਂ ਨੂੰ ਅਵਾਰਾ ਕੁੱਤੇ ਆਪਣਾ ਸ਼ਿਕਾਰ ਬਣਾ ਚੁੱਕੇ ਹਨ, ਜਿਸ ਦੌਰਾਨ ਕੁਝ ਬੱਚਿਆਂ ਦੀ ਮੌਤ ਵੀ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਸ਼ਹਿਰ ਦੇ ਚੌਕ ਚੁਰਾਹਿਆਂ ਵਿਚ ਕੁੱਤਿਆਂ ਦੀਆਂ ਹੇੜਾਂ ਲੋਕਾਂ ਲਈ ਮੁਸੀਬਤ ਬਣਦੀਆਂ ਆਮ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕੁੱਤਿਆਂ ਦੀ ਨਫਰੀ ’ਤੇ ਕਾਬੂ ਪਾਉਣ ਵੱਲ ਧਿਆਨ ਦੇਵੇ। ਬਾਕਸ : ਆਵਾਰਾ ਕੁੱਤਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾਏ : ਡਾ. ਲੋਹੁਕਾ ਤਰਨਤਾਰਨ ਦੇ ਉੱਘੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਡਾ. ਸੁਖਦੇਵ ਸਿੰਘ ਲੋਹੁਕਾ ਨੇ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਮਾਸੂਮ ਬੱਚਿਆਂ ਉੱਪਰ ਹਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਮਾਮਲੇ ਸੁਰਖੀਆਂ ਵਿਚ ਵੀ ਹਨ। ਪਰ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਉੱਪਰ ਕਾਬੂ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਅਜੇ ਵੀ ਦੂਰ ਹੈ। ਡਾ. ਸੁਖਦੇਵ ਸਿੰਘ ਲੋਹੁਕਾ ਨੇ ਕਿਹਾ ਕਿ ਲੰਘੇ ਦਿਨ ਹੀ ਇਕ ਮਾਸੂਮ ਨੂੰ ਆਵਾਰਾ ਕੁੱਤਿਆਂ ਵੱਲੋਂ ਨੋਚਣ ਦੀ ਖਬਰ ਸਾਹਮਣੇ ਆਈ ਹੈ। ਜਦੋਂਕਿ ਲੋਹੜੀ ਵਾਲੀ ਰਾਤ ਇਕ ਨੌਜਵਾਨ ਨੂੰ ਨੋਚ ਨੋਚ ਕੁੱਤਿਆਂ ਨੇ ਮਾਰ ਮੁਕਾਇਆ। ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਗਿਣਤੀ ਵਧਣ ਨਾਲ ਮਨੁੱਖੀ ਜਾਨਾਂ ਖਤਰੇ ਵਿਚ ਜਾ ਰਹੀਆਂ ਹਨ ਅਤੇ ਕਈ ਘਰਾਂ ਦੇ ਚਿਰਾਗ ਇਨ੍ਹਾਂ ਕੁੱਤਿਆਂ ਨੇ ਬੁਝਾ ਦਿੱਤੇ ਹਨ। ਬਾਕਸ : ਤਰਨਤਾਰਨ ਜ਼ਿਲ੍ਹੇ ’ਚ ਵੀ ਵਾਪਰ ਚੁੱਕੇ ਹਨ ਹਾਦਸੇ : ਧਾਮੀ ਸਮਾਜ ਚਿੰਤਕ ਸੁਖਵੰਤ ਸਿੰਘ ਧਾਮੀ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿਚ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਥੇ ਆਵਾਰਾ ਕੁੱਤੇ ਇਨਸਾਨਾਂ ਲਈ ਘਾਤਕ ਸਾਬਤ ਹੋਏ ਹਨ। ਪਰ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਵਧ ਚੁੱਕੀ ਹੈ ਕਿ ਲੋਕਾਂ ਦਾ ਬਜਾਰਾਂ ਵਿੱਚੋਂ ਲੰਘਣਾ ਤੱਕ ਔਖਾ ਹੋ ਚੁੱਕਾ ਹੈ। ਇਕ ਪਾਸੇ ਜਿਥੇ ਇਨ੍ਹਾਂ ਦੇ ਕੱਟਣ ਦਾ ਖਤਰਾ ਲੋਕਾਂ ਨੂੰ ਬਣਿਆ ਰਹਿੰਦਾ ਹੈ। ਉਥੇ ਹੀ ਕੁੱਤਿਆਂ ਵੱਲੋਂ ਫੈਲਾਈ ਗਈ ਗੰਦਗੀ ਵੀ ਵੱਡੀ ਸਮੱਸਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੁੱਤਿਆਂ ਦੀ ਵਧ ਰਹੀ ਨਫਰੀ ’ਤੇ ਕਾਬੂ ਪਾਉਣ ਦਾ ਉਪਰਾਲਾ ਕਰੇ ਤਾਂ ਜੋ ਲੋਕ ਸੁਰੱਖਿਅਤ ਹੋ ਸਕਣ। ਬਾਕਸ : ਵੱਡੀ ਸਮੱਸਿਆ ਬਣ ਕੇ ਉੱਭਰ ਰਹੇ ਆਵਾਰਾ ਕੁੱਤੇ : ਤੱਖੂਚੱਕ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਵੱਡੀ ਸਮੱਸਿਆ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਇਸ ਲਈ ਜਰੂਰੀ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਪਹਿਲ ਦੇ ਅਧਾਰ ’ਤੇ ਧਿਆਨ ਦੇਵੇ। ਕਿਉਂਕਿ ਆਵਾਰਾ ਕੁੱਤਿਆਂ ਦੇ ਹਮਲਿਆਂ ਨਾਲ ਜਿਥੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਇਹ ਕੁੱਤੇ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ, ਜਿਸ ਕਾਰਨ ਕਈ ਮਨੁੱਖੀ ਜਾਨਾਂ ਅਜਾਈਂ ਹੀ ਚਲੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਨਿਯਮਾਂ ਮੁਤਾਬਿਕ ਨਿਯੰਤਰਣ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬਾਕਸ : ਕੁੱਤਿਆਂ ਤੋਂ ਬੱਚਿਆਂ ਦਾ ਧਿਆਨ ਰੱਖਣ ਮਾਪੇ : ਅਗਨੀਹੋਤਰੀ ਤਰਨਤਾਰਨ ਦੇ ਨੌਜਵਾਨ ਕੌਂਸਲਰ ਮਨੋਜ ਅਗਨੀਹੋਤਰੀ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਵੱਲੋਂ ਵਧੇਰੇ ਹਮਲੇ ਬੱਚਿਆਂ ’ਤੇ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ ਤੇ ਬਜੁਰਗ ਅਤੇ ਮਹਿਲਾਵਾਂ ਇਨ੍ਹਾਂ ਦਾ ਸ਼ਿਕਾਰ ਬਣ ਚੁੱਕੀਆਂ ਹਨ ਅਤੇ ਹੁਣ ਤਾਂ ਲੋਹੜੀ ਦੀ ਰਾਤ ਇਕ ਨੌਜਵਾਨ ਨੂੰ ਆਵਾਰਾ ਕੁੱਤਿਆਂ ਨੇ ਨੋਚ ਖਾਦਾ। ਉਨ੍ਹਾਂ ਕਿਹਾ ਕਿ ਮਾਪੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਤੇ ਉਨ੍ਹਾਂ ਨੂੰ ਇਕੱਲੇ ਗਲੀ ਮੁਹੱਲਿਆਂ ਵਿਚ ਨਾ ਜਾਣ ਦੇਣ। ਮਨੋਜ ਅਗਨੀਹੋਤਰੀ ਨੇ ਕਿਹਾ ਕਿ ਅਵਾਰਾ ਕੁੱਤਿਆਂ ਕਾਰਨ ਕਈ ਜਨਾਂ ਜਾ ਚੁੱਕੀਆਂ ਹਨ ਅਤੇ ਕਈ ਹਲਕਾਅ ਦਾ ਸ਼ਿਕਾਰ ਹੋ ਕੇ ਵੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਬਾਕਸ ਕੁੱਤਿਆਂ ਦੇ ਮਾਮਲੇ ’ਚ ਸੁਪਰੀਮ ਕੋਰਟ ਦੀ ਸਖਤੀ ਸ਼ਲਾਘਾਯੋਗ : ਰਾਣਾ ਗੁਲਬੀਰ ਤਰਨਤਾਰਨ ’ਚ ਸਿੱਖਿਆ ਅਦਾਰਾ ਚਲਾਉਣ ਵਾਲੇ ਰਾਣਾ ਗੁਲਬੀਰ ਸਿੰਘ ਨੇ ਕਿਹਾ ਕਿ ਦੋ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਲੈ ਕੇ ਸਖਤ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ। ਤਾਂ ਜੋ ਇਸ ਸਮੱਸਿਆ ਨਾਲ ਨਿਪਟਣ ਲਈ ਸਰਾਕਰਾਂ ਸੁਚੇਤ ਹੋਣ। ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਸੁਣਵਾਈ ਦੌਰਾਨ ਕੁੱਤੇ ਦੇ ਵੱਢਣ ਕਰਕੇ ਹੋਣ ਵਾਲੀ ਮੌਤ ’ਤੇ ਭਾਰੀ ਮੁਆਵਜਾ ਤੈਅ ਕਰਨ ਦਾ ਸੰਕੇਤ ਵੀ ਦਿੱਤਾ ਗਿਆ ਹੈ। ਜਦੋਂਕਿ ਸਬੰਧਤ ਨਿਯਮ ਕਾਨੂੰਨਾਂ ਨੂੰ ਲਾਗੂਬ ਕਰਨ ’ਚ ਢਿੱਲ ਤੇ ਕਮੀ ਉੱਪਰ ਵੀ ਜਿੰਤਾ ਜਾਹਿਰ ਕਰਦਿਆਂ ਅਦਾਲਤ ਨੇ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਕਹੀ ਹੈ। ਜਿਸ ਵਿਚ ਕੁੱਤੇ ਦੇ ਵੱਢਣ ਨਾਲ ਹੋਣ ਵਾਲੀ ਹਰ ਮੌਤ ਜਾਂ ਸੱਟ ਦੇ ਮਾਮਲੇ ’ਚ ਸੂਬਾ ਸਰਕਾਰਾਂ ਨੂੰ ਭਾਰੀ ਹਰਜਾਨਾ ਦੇਣ ਦਾ ਹੁਕਮ ਅਦਾਲਤ ਦੇਣ ਜਾ ਰਹੀ ਹੈ। ਸਰਕਾਰ ਦਾ ਇਹ ਬਹੁਤ ਸ਼ਲਘਾਯੋਗ ਕਦਮ ਹੈ, ਜਿਸ ਨਾਲ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਾਕਰਾਂ ਵੱਲੋਂ ਕਦਮ ਚੁੱਕੇ ਜਾ ਸਕਦੇ ਹਨ।