- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਹੀ ਲੜਕੀਆਂ ਤੋਂ ਹੋਈ ਹੈ

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਰਨ ਵਲੋਂ 'ਲਿੰਗ ਸਮਾਨਤਾ' ਪ੍ਰੋਗਰਾਮ 'ਸੰਤੁਲਨ ਪ੍ਰੋਜੈਕਟ' ਦੇ ਤਹਿਤ ਧੀਆਂ ਦੀ ਲੋਹੜੀ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਹੀ ਲੜਕੀਆਂ ਤੋਂ ਹੋਈ ਹੈ। ਦੁੱਲੇ ਭੱਟੀ ਨੇ ਗਰੀਬ ਬ੍ਰਾਹਮਣ ਦੀਆਂ ਬੇਟੀਆਂ ਦਾ ਕੰਨਿਆ ਦਾਨ ਕੀਤਾ ਸੀ ਤੇ ਜੰਗਲ ਵਿਚੋਂ ਲੱਕੜੀਆਂ ਇਕੱਠੀਆਂ ਕਰ ਕੇ ਉਸ ਨੂੰ ਜਲਾਇਆ ਤੇ ਲੜਕੀਆਂ ਦੀ ਝੋਲੀ ’ਚ ਸ਼ੱਕਰ ਪਾਈ ਸੀ।
ਉਦੋਂ ਤੋਂ ਹੀ ਲੋਹੜੀ ਦਾ ਤਿਉਹਾਰ ਮਨਾਇਆ ਜਾਣ ਲੱਗਾ। ਲੋਹੜੀ ਇਕ ਅਜਿਹਾ ਤਿਉਹਾਰ ਹੈ, ਜੋ ਰਵਾਇਤੀ ਤੌਰ ’ਤੇ ਸਿਰਫ਼ ਪੁੱਤਰਾਂ ਦੇ ਜਨਮ ਉਪਰ ਮਨਾਇਆ ਜਾਂਦਾ ਹੈ। ਅੱਜ ਇਹ ਤਿਉਹਾਰ ਕੰਨਿਆ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸਮਾਜ ਅੰਦਰ ਇਸ ਪਰਿਵਰਤਨ ਦਾ ਮਾਣ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ 'ਲਿੰਗ ਸਮਾਨਤਾ' ਤੇ 'ਨਾਰੀ ਸਸ਼ਕਤੀਕਰਨ ਪ੍ਰਕਲਪ' ਸੰਤੁਲਨ ਨੂੰ ਜਾਂਦਾ ਹੈ।
ਸੰਤੁਲਨ ਦੁਆਰਾ ਹਰ ਸਾਲ ਦੇਸ਼ ਭਰ ’ਚ ਉਤਰਾਇਣ ਮੌਕੇ ਉਪਰ 'ਕੰਨਿਆ ਬਚਾਓ ਅਭਿਆਨ' ਚਲਾਇਆ ਜਾਂਦਾ ਹੈ। ਜਿਸ ਦੁਆਰਾ ਨਾ ਸਿਰਫ਼ ਲਿੰਗ ਰੂੜੀਵਾਦ ਦਾ ਖੰਡਨ ਕੀਤਾ ਜਾ ਰਿਹਾ ਹੈ, ਬਲਕਿ ਕੰਨਿਆ ਲਈ ਸਦਭਾਵ ਤੇ ਸਨਮਾਨ ਨੂੰ ਵੀ ਜਾਗਿ੍ਤ ਕੀਤਾ ਜਾ ਰਿਹਾ ਹੈ। ਇਹ ਅਭਿਆਨ ਲੋਹੜੀ ਤੋਂ ਸ਼ੁਰੂ ਹੋ ਕੇ ਬਸੰਤ ਪੰਚਮੀ ਤੱਕ ਚਲਦਾ ਹੈ। ਸਰਵ ਆਸ਼ੁਤੋਸ਼ ਮਹਾਰਾਜ ਕਹਿੰਦੇ ਹਨ ਕਿ ਲੜਕਾ ਤੇ ਲੜਕੀ ਦੋਨੋਂ ਹੀ ਸਮਾਨ ਹਨ। ਅਧਿਕਾਰ ਤੇ ਫਰਜ਼ ਵੀ ਦੋਨਾਂ ਦੇ ਬਰਾਬਰ ਹਨ। ਕੋਈ ਵੀ ਤਿਉਹਾਰ ਮਨਾਉਣ ਲਈ ਦੋਨਾਂ ਹੀ ਵਰਗਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਅਗਰ ਅਸੀਂ ਸਮਾਜ ਨੂੰ ਸਹੀ ਤਰੀਕੇ ਨਾਲ ਚਲਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸਮਾਜ ਦਾ ਸੰਤੁਲਨ ਬਣਾ ਕੇ ਹੀ ਚੱਲਣਾ ਪਵੇਗਾ।
ਸੰਤੁਲਨ ਤਦ ਹੀ ਬਣੇਗਾ ਜਦੋਂ ਅਸੀਂ ਘਰ ’ਚ ਆਈ ਕੰਨਿਆ ਦਾ ਸਤਿਕਾਰ ਕਰਾਂਗੇ। ਜਦੋਂ ਅਸੀਂ ਲੜਕੀ ਨੂੰ ਸਮਾਨ ਰੂਪ ’ਚ ਜੀਣ ਦਾ ਅਧਿਕਾਰ ਦਵਾਂਗੇ। ਫਿਰ ਹੀ ਸੁੰਦਰ ਸਮਾਜ ਦੀ ਰਚਨਾ ਹੋ ਸਕਦੀ ਹੈ। ਸਾਧਵੀ ਜੀ ਨੇ ਕਿਹਾ ਕਿ ਜਿਸ ਪ੍ਰਕਾਰ ਅਸੀਂ ਲੋਹੜੀ ਵਾਲੇ ਦਿਨ ਅਗਨੀ ਦੇ ਅੰਦਰ ਤਿਲ ਭੇਂਟ ਕਰਦੇ ਹਾਂ ਤੇ ਤਿਲ ਸੜ ਕੇ ਸਵਾਹ ਹੋ ਜਾਂਦੇ ਹਨ। ਠੀਕ ਇਸੇ ਹੀ ਪ੍ਰਕਾਰ ਜਦੋਂ ਇਕ ਇਨਸਾਨ ਪੂਰਨ ਗੁਰੂ ਦੀ ਸ਼ਰਨਾਗਿਤ ਹੋ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ ਤੇ ਬ੍ਰਹਮ ਗਿਆਨ ਦੀ ਅਗਨੀ ’ਚ ਅੰਦਰ ਆਪਣੇ ਬੁਰੇ ਕਰਮਾਂ ਨੂੰ ਸੁਆਹ ਕਰਦਾ ਹੈ।
ਲੋਹੜੀ ਦੇ ਤਿਉਹਾਰ ਦੀ ਰਸਮ ਨੂੰ ਪ੍ਰੋਗਰਾਮ ਦੇ ਅੰਤ ’ਚ ਨਿਭਾਇਆ ਗਿਆ। ਜਿਸ ’ਚ ਅਖ਼ਬਾਰਾਂ ਉਪਰ, ਪੋਸਟਰਾਂ ’ਤੇ ਮਹਿਲਾਵਾਂ ਦੇ ਖ਼ਿਲਾਫ਼ ਅਪਰਾਧਾਂ ਨੂੰ ਕਲਮਬੰਦ ਕਰਦੇ ਹੋਏ ਪਾਵਨ ਅਗਨੀ ’ਚ ਜਲਾਇਆ ਗਿਆ ਤੇ ਇਨ੍ਹਾਂ ਸਾਰੀਆਂ ਬੁਰਾਈਆਂ ਨੂੰ ਸਮਾਜ ’ਚੋਂ ਖ਼ਤਮ ਕਰਨ ਦਾ ਸੰਕਲਪ ਲਿਆ ਗਿਆ।
ਪ੍ਰੋਗਰਾਮ ਦੇ ਦੌਰਾਨ ਸਾਧਵੀ ਪੁਸ਼ਪਮਾਲਾ ਭਾਰਤੀ, ਸਾਧਵੀ ਨਾਯਨਾ ਭਾਰਤੀ, ਸਾਧਵੀ ਰਮਨਦੀਪ ਭਾਰਤੀ, ਸਾਧਵੀ ਲਖਵਿੰਦਰ ਭਾਰਤੀ, ਸਾਧਵੀ ਰੁਪਿੰਦਰ ਭਾਰਤੀ ਨੇ ਸ਼ਬਦ ਕੀਰਤਨ ਤੇ ਭਜਨਾਂ ਦਾ ਗਾਇਨ ਕੀਤਾ। ਸਾਰੀ ਸੰਗਤ ਦੇ ਲਈ ਲੰਗਰ ਪ੍ਰਸ਼ਾਦ ਦੀ ਵਿਵਸਥਾ ਕੀਤੀ ਗਈ।