ਐੱਨਐੱਸਕਿਊਐੱਫ ਫਰੇਮਵਰਕ ਤਹਿਤ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ
ਸਾਨੂੰ ਸਾਰਿਆਂ ਨੂੰ ਵੋਕੇਸ਼ਨਲ ਸਿੱਖਿਆ ਅਪਣਾਉਣੀ ਚਾਹੀਦੀ ਹੈ। ਜਿਸ ਨਾਲ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
Publish Date: Tue, 03 Feb 2026 03:56 PM (IST)
Updated Date: Wed, 04 Feb 2026 04:02 AM (IST)

ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਨੈਸ਼ਨਲ ਸਕਿੱਲ ਕੁਆਲੀਫੀਕੇਸ਼ਨ ਫਰੇਮਵਰਕ ਅਧੀਨ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 2025-26 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿਖੇ ਕਰਵਾਏ ਗਏ। ਜਿਸ ਵਿਚ ਐੱਨਐੱਸਕਿਊਐੱਫ ਟਰੇਡ ਨਾਲ ਸਬੰਧਿਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲਾ ਦੋ ਪੜਾਵਾਂ ਵਿਚ ਮੁਕੰਮਲ ਕੀਤਾ ਗਿਆ। ਪਹਿਲੇ ਪੜਾਅ ਵਿਚ ਸਕੂਲਾਂ ਵਿਚੋਂ ਚੁਣ ਕੇ ਆਏ ਵਿਦਿਆਰਥੀਆਂ ਦਾ ਕੁਇਜ਼ ਸਿਲੈਕਸ਼ਨ ਟੈਸਟ ਲਿਆ ਗਿਆ, ਇਸ ਉਪਰੰਤ ਦੂਜੇ ਪੜਾਅ ਵਿਚ 12 ਵਿਦਿਆਰਥੀ ਫਾਈਨਲ ਕੁਇਜ਼ ਲਈ ਚੁਣੇ ਗਏ, ਜਿਨ੍ਹਾਂ ਵਿਚ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਪੀਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੱਟੀ ਨੇ ਪਹਿਲਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਾਗੋਕੇ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਰਾ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਜੁਗਰਾਜ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ ਤਰਨਤਾਰਨ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੋਕੇਸ਼ਨਲ ਸਿੱਖਿਆ ਅਪਣਾਉਣੀ ਚਾਹੀਦੀ ਹੈ। ਜਿਸ ਨਾਲ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਜੱਜਮੈਂਟ ਪੈਨਲ ਵਿਚ ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਅਤੇ ਸੁਖਦੀਪ ਕੌਰ ਸਾਰੇ ਵੋਕੇਸ਼ਨਲ ਟਰੇਨਰ ਨੇ ਵਿਦਿਆਰਥੀਆਂ ਦਾ ਮੁਕਾਬਲਾ ਕਰਵਾਇਆ। ਕੁਇਜ਼ ਕਮੇਟੀ ਮੈਂਬਰਾਂ ਵਿਚ ਤੇਜਿੰਦਰ ਸਿੰਘ ਲੈਕਚਰਾਰ, ਪਰਜਿੰਦਰ ਕੌਰ ਲੈਕਚਰਾਰ ਅਤੇ ਹਰਪ੍ਰੀਤ ਸਿੰਘ ਲੈਕਚਰਾਰ ਨੇ ਓਵਰਆਲ ਕੁਇਜ਼ ਮੁਕਾਬਲੇ ਦੀ ਅਗਵਾਈ ਕੀਤੀ। ਅਮਨਦੀਪ ਸਿੰਘ ਮੁੱਖ ਅਧਿਆਪਕ ਨੇ ਸਟੇਜ ਦੀ ਸੇਵਾ ਬਾਖੂਬੀ ਸੰਭਾਲੀ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਅਖੀਰ ਵਿਚ ਸਕੂਲ ਪ੍ਰਿੰਸੀਪਲ ਗੀਤਾਂਜਲੀ ਨੇ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।