ਜ਼ਮਹੂਰੀ ਅਧਿਕਾਰ ਸਭਾ ਨੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਨ੍ਹਿੰਦਾ
ਜ਼ਿਲ੍ਹਾ ਅਧਿਕਾਰੀਆਂ ਅਤੇ ਸਰਕਾਰ ਵਲੋ ਉਨ੍ਹਾਂ ਦੀ ਆਵਾਜ਼ ਸੁਨਣ ਦੀ ਥਾਂ ਪੁਲਿਸ ਦੇ ਜ਼ੋਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਦਿੱਤੇ ਹਨ।
Publish Date: Fri, 27 Feb 2026 06:04 PM (IST)
Updated Date: Sat, 28 Feb 2026 04:02 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਤਰਨਤਾਰਨ ਇਕਾਈ ਨੇ ਪੰਜਾਬ ਸਰਕਾਰ ਵਲੋਂ ਸ਼ੇਰੋ ਖੰਡ ਮਿੱਲ ਵੇਚਣ ਦੇ ਵਿਰੋਧ ਵਿਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨ੍ਹਿੰਦਾ ਕਰਦਿਆਂ ਇਸ ਨੂੰ ਜ਼ਮਹੂਰੀ ਅਧਿਕਾਰਾਂ ਉੱਤੇ ਹਮਲਾ ਕਿਹਾ ਹੈ। ਜ਼ਿਲ੍ਹਾ ਪ੍ਰਧਾਨ ਨਰਭਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਸ਼ੇਰੋਂ ਖੰਡ ਮਿੱਲ ਨੂੰ ਚਾਲੂ ਕਰਨ ਦੀ ਮੰਗ ਕਿਸਾਨਾਂ ਵਲੋਂ ਉਠਾਈ ਜਾਂਦੀ ਰਹੀ ਸੀ। ‘ਆਪ’ ਵਿਧਾਇਕ ਵਿਸ਼ਵਾਸ ਵੀ ਦਿਵਾਉਂਦੇ ਆ ਰਹੇ ਸਨ, ਪਰ ਪਿਛਲੇ ਸਾਲ ਦੇ ਆਖੀਰ ਵਿਚ ਪੰਜਾਬ ਸਰਕਾਰ ਵਲੋਂ ਜਾਇਦਾਦਾਂ ਵੇਚਣ ਸਬੰਧੀ ਲਏ ਫੈਸਲਿਆਂ ਚ ਇਸ ਮਿੱਲ ਦੀ ਜਾਇਦਾਦ ਨੂੰ ਵੇਚਣ ਦਾ ਐਲਾਨ ਕਰ ਦਿੱਤਾ, ਤਾਂ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿਚ ਡੀਸੀ ਦਫ਼ਤਰ ਤਰਤਾਰਨ ਸਾਹਮਣੇ ਅਣ-ਮਿੱਥੇ ਸਮੇਂ ਲਈ ਧਰਨਾ ਲਾਇਆ ਹੋਇਆ ਸੀ। ਜ਼ਿਲ੍ਹਾ ਅਧਿਕਾਰੀਆਂ ਅਤੇ ਸਰਕਾਰ ਵਲੋ ਉਨ੍ਹਾਂ ਦੀ ਆਵਾਜ਼ ਸੁਨਣ ਦੀ ਥਾਂ ਪੁਲਿਸ ਦੇ ਜ਼ੋਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਇਹ ਇਕ ਤਾਨਾਸ਼ਾਹ ਅਤੇ ਨਿੰਦਣਯੋਗ ਕਦਮ ਹੈ। ਸ਼ਾਂਤਮਈ ਧਰਨਾ ਲਾ ਕੇ ਆਪਣਾ ਰੋਸ ਪ੍ਰਗਟ ਕਰਨਾ ਨਾਗਰਿਕਾਂ ਦਾ ਬੁਨਿਆਦੀ ਅਧਿਕਾਰ ਹੈ ਅਤੇ ਮੌਜੂਦਾ ਹਕੂਮਤ ਲੋਕਾਂ ਦੇ ਅਧਿਕਾਰ ਨੂੰ ਪੁਲਿਸ ਤਾਕਤ ਨਾਲ ਕੁਚਲ ਰਹੀ ਹੈ, ਇਹ ਅਤਿ ਨਿੰਦਣਯੋਗ ਕਾਰਵਾਈ ਹੈ। ਸਭਾ ਦੇ ਆਗੂਆਂ ਨੇ ਜ਼ਮਹੂਰੀ ਲੋਕਾਂ ਨੂੰ ਸੱਦਾ ਦਿੱਤਾ ਕਿ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ।