ਡੀਸੀ ਤੇ ਐੱਸਐੱਸਪੀ ਨੇ ਬੀਐੱਸਐੱਫ਼ ਤੇ ਪੁਲਿਸ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ
ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਥਾਣਾ ਖਾਲ਼ੜਾ ਦਾ ਦੌਰਾ ਕਰ ਕੇ ਐੱਸਐੱਚਓ ਸਮੇਤ ਥਾਣੇ ਦੇ ਸਮੂਹ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ।
Publish Date: Tue, 27 Jan 2026 04:00 PM (IST)
Updated Date: Wed, 28 Jan 2026 04:01 AM (IST)

ਸਰਬਜੀਤ ਸਿੰਘ ਛੀਨਾ,•ਪੰਜਾਬੀ ਜਾਗਰਣ, ਖਾਲੜਾ : ਡਿਪਟੀ ਕਮਿਸ਼ਨਰ ਰਾਹੁਲ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਬੀਓਪੀ ਖਾਲੜਾ ਤੇ ਪੁਲਿਸ ਸਟੇਸ਼ਨ ਖਾਲੜਾ ਦਾ ਦੌਰਾ ਕਰਕੇ ਬੀਐੱਸਐੱਫ਼ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦੇਣ ਦੇ ਨਾਲ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਸ਼ਾਬਾਸ਼ੀ ਦਿੱਤੀ ਹੈ। ਬੀਓਪੀ ਖਾਲੜਾ ਵਿਖੇ ਬਐੱਸਐੱਫ਼ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਤੇ ਸ਼ਾਬਾਸ਼ੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਹੁਲ ਨੇ ਕਿਹਾ ਕਿ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ’ਤੇ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਐੱਸਐੱਫ਼ ਦੇ ਜਵਾਨ ਹਰ ਚੁਣੌਤੀ ਦਾ ਸਾਹਮਣਾ ਕਰ ਕੇ ਸਰਹੱਦਾਂ ਦੀ ਪਹਿਰੇਦਾਰੀ ਕਰਦੇ ਹਨ ਤੇ ਇਨ੍ਹਾਂ ਜਵਾਨਾਂ ਦੀ ਬਹਾਦਰੀ ਕਾਰਨ ਹੀ ਅਸੀਂ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਾਂ। ਇਸ ਉਪਰੰਤ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਥਾਣਾ ਖਾਲ਼ੜਾ ਦਾ ਦੌਰਾ ਕਰ ਕੇ ਐੱਸਐੱਚਓ ਸਮੇਤ ਥਾਣੇ ਦੇ ਸਮੂਹ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਦੇਸ਼ ਦੀ ਸਰਹੱਦ ਦੇ ਨਾਲ ਸੈਕੰਡ ਡਿਫੈਂਸ ਲਾਈਨ ਵੱਲੋਂ ਆਪਣੇ ਰੋਲ ਨੂੰ ਬਹੁਤ ਵੀ ਵਧੀਆ ਢੰਗ ਨਾਲ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਤੇ ਦੇਸ਼ ਵਾਸੀਆਂ ਨੂੰ ਆਪਣੇ ਇਨ੍ਹਾਂ ਬਹਾਦਰ ਜਵਾਨਾਂ ਉੱਪਰ ਹਮੇਸ਼ਾ ਮਾਣ ਰਹੇਗਾ।