ਪੰਜਾਬ ਅੰਦਰ ਰੋਜਾਨਾ ਹੁੰਦੇ ਕਤਲ ’ਆਪ’ ਸਰਕਾਰ ਦੀ ਪੂਰੀ ਤਰ੍ਹਾਂ ਫੇਲ ਹੋਈ ਕਾਰਗੁਜ਼ਾਰੀ ਦਾ ਸਬੂਤ - ਅਸ਼ਵਨੀ ਸਰਮਾ
ਜਾਬ ਦੀ ਵਾਗਡੋਰ ਸੰਭਾਲਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਤੇ ਪ੍ਰਸਾਸ਼ਨ ਬੇਵੱਸ ਹੈ ਤਾਂ, ਉਨ੍ਹਾਂ ਨੂੰ ਆਪਣੀ ਫੇਲ੍ਹ ਸਾਬਤ ਹੋ ਚੁੱਕੀ ਕਾਰਗੁਜ਼ਾਰੀ ਨੂੰ ਵੇਖ ਕੇ ਤੁਰੰਤ ਸੱਤਾ ਛੱਡ ਦੇਣੀ ਚਾਹੀਦੀ ਹੈ,
Publish Date: Wed, 07 Jan 2026 05:37 PM (IST)
Updated Date: Thu, 08 Jan 2026 04:03 AM (IST)

ਰਾਜਵਿੰਦਰ ਸਿੰਘ ਰਾਜੂ,•ਪੰਜਾਬੀ ਜਾਗਰਣ, ਵਲਟੋਹਾ : ਪੰਜਾਬ ਦੀ ਧਰਤੀ ਜੋ ਗੁਰੂਆਂ ਪੀਰਾਂ ਅਤੇ ਯੋਧਿਆਂ, ਸੂਰਬੀਰਾਂ ਦੀ ਧਰਤੀ ਹੈ, ਪਰ ਅੱਜ ਦੇ ਦੌਰ ਵਿਚ ਪੰਜਾਬ ਬਹੁਤ ਹੀ ਕਾਲੇ ਦਿਨਾਂ ਵਿਚੋਂ ਗੁਜਰ ਰਿਹਾ ਹੈ। ਜਿਸ ਦਾ ਸਿੱਟਾ ਪੰਜਾਬ ਅੰਦਰ ਰੋਜਾਨਾ ਕਤਲੋਗਾਰਦ, ਗੈਂਗਸਟਰ, ਫਿਰੌਤੀਆਂ, ਡਾਕੇ ਅਤੇ ਮਨੁੱਖਤਾ ਦਾ ਘਾਣ ਹੋਣ ਕਾਰਨ ਹਰ ਪਾਸੇ ਸਹਿਮ, ਡਰ, ਦਹਿਸ਼ਤ ਬਣੀ ਹੋਈ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਲਟੋਹਾ ਵਿਖੇ ਸਰਪੰਚ ਜਰਮਲ ਸਿੰਘ ਦੇ ਕਤਲ ਤੋਂ ਬਾਅਦ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਮੌਕੇ ਪ੍ਰੈੱਸ ਦੇ ਰੂਬਰੂ ਹੁੰਦਿਆਂ ਪ੍ਰਗਟ ਕੀਤੇ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਜ਼ਿਲ੍ਹੇ ਦੇ ਪਾਰਟੀ ਆਗੂਆਂ ਨਾਲ ਵਿਸੇਸ਼ ਤੌਰ ’ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਹਰ ਦੁੱਖ ਸੁੱਖ ਦੀ ਘੜੀ ਵਿਚ ਸਾਥ ਦੇਣ ਦੀ ਗੱਲ ਕਹੀ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭੰਗ ਹੋਈ ਅਮਨ ਸ਼ਾਂਤੀ, ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ ’ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਗੱਲ ਨਾ ਕਰਦੇ ਹੋਏ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਜਾਗਣ ਦੀ ਨਸੀਹਤ ਦਿੰਦੇ ਹੋਏ ਪੰਜਾਬੀਆਂ ਦੇ ਲਗਾਤਾਰ ਹੋ ਰਹੇ ਕਤਲਾਂ ਤੇ ਚਿੰਤਾ ਜਾਹਿਰ ਕਰਦੇ ਹਨ ਕਿ ਆਖਿਰ ਕਿਨ੍ਹੀਂ ਦੇਰ ਹੋਰ ਪੰਜਾਬ ਅੰਦਰ ਇਵੇਂ ਸ਼ਰੇਆਮ ਗੁੰਡਾ ਲੋਕ ਆਪਣੀਆਂ ਮਨਮਾਨੀਆਂ ਕਰਦੇ ਰਹਿਣਗੇ ਅਤੇ ਕਿਨ੍ਹੀਂ ਦੇਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਵੇਂ ਹੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੇਗੀ। ਅਸ਼ਵਨੀ ਸ਼ਰਮਾ ਨੇ ਸਰਪੰਚ ਜਰਮਲ ਸਿੰਘ ਦੇ ਪਰਿਵਾਰ ਨਾਲ ਡੂੰਘਾ ਦੁੱਖ ਜਾਹਿਰ ਕਰਨ ਤੋਂ ਬਾਅਦ ਇਹ ਵੀ ਕਿਹਾ ਕਿ ਪੰਜਾਬ ਪਹਿਲਾਂ ਹੀ ਬੁਰੀਆਂ ਮਾਰਾਂ ਝੱਲ ਚੁੱਕਾ ਹੈ। ਇਸ ਲਈ ਅਗਰ ਪੰਜਾਬ ਦੀ ਵਾਗਡੋਰ ਸੰਭਾਲਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਤੇ ਪ੍ਰਸਾਸ਼ਨ ਬੇਵੱਸ ਹੈ ਤਾਂ, ਉਨ੍ਹਾਂ ਨੂੰ ਆਪਣੀ ਫੇਲ੍ਹ ਸਾਬਤ ਹੋ ਚੁੱਕੀ ਕਾਰਗੁਜ਼ਾਰੀ ਨੂੰ ਵੇਖ ਕੇ ਤੁਰੰਤ ਸੱਤਾ ਛੱਡ ਦੇਣੀ ਚਾਹੀਦੀ ਹੈ, ਤਾਂ ਜੋ ਰੋਜ਼ਾਨਾ ਇਵੇਂ ਹੀ ਹੱਸਦੇ ਵੱਸਦੇ ਘਰ ਨਾ ਉਜੜਣ। ਕਿਉਂਕਿ ਗੈਂਗਸਟਰ, ਫਿਰੌਤੀਆਂ ਅਤੇ ਕਤਲੋਗਾਰਦ ਨੂੰ ਅੰਜਾਮ ਦੇਣ ਵਾਲੇ ਲੋਕ ਪਤਾ ਨਹੀਂ ਪੰਜਾਬ ਪੁਲਿਸ ਕੋਲੋਂ ਕਿਵੇਂ ਬਚ ਰਹੇ ਹਨ ਅਤੇ ਜਾਣਬੁੱਝ ਕੇ ਉਨ੍ਹਾਂ ਤੱਕ ਆਪਣੀ ਪਹੁੰਚ ਬਨਾਉਣ ’ਚ ਆਪ ਹੀ ਦੇਰੀ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਇਸ ਵਾਪਰੇ ਦੁਖਾਂਤ ’ਤੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ’ਚ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਕਿਸੇ ਗੋਲੀ ਕਾਂਡ, ਕਤਲ ਅਤੇ ਫਿਰੌਤੀ ਦੀ ਗੱਲ ਨਾ ਸੁਣੀ ਹੋਵੇ। ਇਸ ਕਰ ਕੇ ਇਹ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਇਥੇ ’ਆਪ’ ਸਰਕਾਰ ਦੀ ਕਮਾਂਡ ਬਿਲਕੁਲ ਫੇਲ੍ਹ ਸਾਬਤ ਹੋ ਚੁੱਕੀ ਹੈ। ਪੰਜਾਬ ਨੂੰ ਇਕ ਲੋਕਾਂ ਦੀ ਸੁਰੱਖਿਆ ਅਤੇ ਇਮਾਨਦਾਰ ਅਕਸ਼ ਵਾਲੀ ਸਰਕਾਰ ਅਤੇ ਮੁੱਖ ਮੰਤਰੀ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ’ਆਪ’ ਸਰਕਾਰ ਵਿਚ ਐਸਾ ਕੋਈ ਵੀ ਕਾਬਲ ਵਜੀਰ ਜਾਂ ਆਗੂ ਨਹੀਂ ਹੈ, ਜੋ ਜਨਤਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਸਕੇ। ਇਸ ਮੌਕੇ ਪ੍ਰਦੇਸ਼ ਸਕੱਤਰ ਸੂਰਜ ਭਾਰਦਵਾਜ, ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਸੀਨੀਅਰ ਆਗੂ ਸ਼ਿਵਬੀਰ ਸਿੰਘ, ਰਾਜਨ ਗੁਰਦਾਸਪੁਰ, ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਉਪ ਪ੍ਰਧਾਨ ਐਡੋਵਕੇਟ ਜਸਕਰਨ ਸਿੰਘ ਗਿੱਲ, ਉਪ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਉਪ ਪ੍ਰਧਾਨ ਰਿਤੇਸ਼ ਚੋਪੜਾ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂੰਈ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਮਾਸਟਰ ਬਲਦੇਵ ਸਿੰਘ ਮੰਡ, ਰਾਜ ਕੁਮਾਰ ਚੋਪੜਾ, ਕੌਂਸਲਰ ਕ੍ਰਿਤੀ ਅਰੋੜਾ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਮੌਜੂਦ ਸਨ।