ਘਰ ’ਚ ਵੜ ਕੇ ਸਾਮਾਨ ਦੀ ਭੰਨਤੋੜ, ਫਿਰ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ
ਘਰ ’ਚ ਵੜ ਕੇ ਸਮਾਨ ਦੀ ਭੰਨਤੋੜ ਕੀਤੀ, ਫਿਰ ਕੁੱਟਮਾਰ ਕਰਕੇ ਕੀਤਾ ਜਖਮੀ
Publish Date: Thu, 23 Apr 2026 08:00 PM (IST)
Updated Date: Fri, 24 Apr 2026 04:10 AM (IST)

ਰਾਜ਼ੀਨਾਮੇ ਲਈ ਸਰਪੰਚ ਕੋਲ ਜਾ ਰਿਹਾ ਸੀ ਪੀੜਤ, ਹਵਾਈ ਫਾਇਰ ਵੀ ਕੀਤੇ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਜੰਡੋਕੇ ਵਿਖੇ ਇਕ ਵਿਅਕਤੀ ਦੇ ਘਰ ਅੰਦਰ ਦਾਖਲ ਹੋ ਕੇ ਕਥਿਤ ਤੌਰ ’ਤੇ ਸਮਾਨ ਦੀ ਭੰਨਤੋੜ ਕਰਨ ਅਤੇ ਫਿਰ ਸਰਪੰਚ ਸਣੇ ਰਾਜੀਨਾਮੇ ਲਈ ਜਾਂਦਿਆਂ ਉਸਦੀ ਕੁੱਟਮਾਰ ਕਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਦਰਜਨ ਤੋਂ ਵੱਧ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਜਖਮੀ ਵਿਅਕਤੀ ਨੂੰ ਕੈਰੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜੰਡੋਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 21 ਅਪ੍ਰੈਲ ਨੂੰ ਦੁਪਹਿਰ ਕਰੀਬ ਤਿੰਨ ਵਜੇ ਜੁਗਰਾਜ ਸਿੰਘ ਪੁੱਤਰ ਗੁਰਦੇਵ ਸਿੰਘ, ਸੋਨੂੰ, ਤੁਨਕੀ ਪੁੱਤਰ ਪ੍ਰਗਟ ਸਿੰਘ, ਜੱਗਾ ਪੁੱਤਰ ਗੁਰਦੇਵ ਸਿੰਘ, ਰਣਜੋਧ ਸਿੰਘ ਪੁੱਤਰ ਗਿਆਨ ਸਿੰਘ, ਮੱਠੂ ਪੁੱਤਰ ਬੀਰਾ ਸਿੰਘ, ਸੈਂਡੀ ਅਤੇ ਨਿੰਜਾ ਸਿੰਘ ਪੁੱਤਰ ਸੇਵਾ ਸਿੰਘ, ਜੋਬਨਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਵਿਚ ਦਾਖਲ ਹੋ ਕੇ ਕੀਮਤੀ ਸਮਾਨ ਦੀ ਭੰਨਤੋੜ ਕਰ ਦਿੱਤੀ। ਉਸਨੇ ਮਾਮਲਾ ਸਰਪੰਚ ਦੇ ਧਿਆਨ ਵਿਚ ਲਿਆਂਦਾ ਤੇ ਥਾਣੇ ਸੂਚਨਾ ਦੇਣ ਚੱਲ ਪਿਆ। ਇਸੇ ਦੌਰਾਨ ਸਰਪੰਚ ਮਲਕੀਤ ਸਿੰਘ ਨੇ ਉਸ ਨੂੰ ਰੋਕ ਲਿਆ ਅਤੇ ਰਾਜੀਨਾਮਾ ਕਰਨ ਲਈ ਕਿਹਾ, ਉਹ ਵੀ ਰਾਜੀਨਾਮੇ ਲਈ ਤਿਆਰ ਹੋ ਕੇ ਸਰੰਪਚ ਕੋਲ ਜਾਣ ਲੱਗਾ ਤਾਂ ਉਕਤ ਲੋਕਾਂ ਨੇ ਉਸ ’ਤੇ ਹਮਲਾ ਕਰ ਕੇ ਜਿਥੇ ਸੱਟਾਂ ਲਗਾ ਦਿੱਤੀਆਂ, ਉਥੇ ਹੀ ਪਿਸਟਲ ਅਤੇ ਰਿਵਾਲਰਵਾਂ ਨਾਲ ਹਵਾਈ ਫਾਇਰ ਵੀ ਕੀਤੇ। ਸਰਪੰਚ ਵਲੋਂ ਰੌਲਾ ਪਾਉਣ ’ਤੇ ਉਕਤ ਲੋਕ ਫਰਾਰ ਹੋ ਗਏ। ਇਲਾਕੇ ਨਾਲ ਸਬੰਧਤ ਚੌਕੀ ਨੌਸ਼ਹਿਰਾ ਪਨੂੰਆਂ ਦੇ ਏਐੱਸਆਈ ਵਰਿਆਮ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਦੀ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।