ਜੇਲ੍ਹ ’ਚੋਂ ਅਫੀਮ, ਸ਼ਰਾਬ ਤੇ ਕੈਪਸੁਲ ਬਰਾਮਦ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਅਫੀਮ, ਸ਼ਰਾਬ ਤੇ ਕੈਪਸੁਲ ਬਰਾਮਦ
Publish Date: Thu, 26 Mar 2026 04:31 PM (IST)
Updated Date: Fri, 27 Mar 2026 04:02 AM (IST)

ਮੋਬਾਈਲ ਫੋਨ ’ਤੇ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ ਵੀ ਮਿਲੇ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਵਿਖੇ ਬਣੀ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿਚ ਚੈਕਿੰਗ ਦੌਰਾਨ ਵੱਡੀ ਮਾਤਰਾ ਵਿਚ ਤੰਬਾਕੂ ਪਦਾਰਥ, ਮੋਬਾਈਲ ਫੋਨ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਜਿਸ ਨੂੰ ਜੇਲ੍ਹ ਅਧਿਕਾਰੀਆਂ ਨੇ ਕਬਜੇ ਵਿਚ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰਦਿਆਂ ਅਣਪਛਾਤੇ ਵਿਅਕਤੀਆਂ ਵਿਰੁੱਧ ਸ਼ਿਕਾਇਤ ਪੱਤਰ ਵੀ ਜਾਰੀ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ਅੰਦਰ ਚੈਕਿੰਗ ਕੀਤੀ ਤਾਂ ਟਾਵਰ ਨੰਬਰ ਪੰਜ ਦੇ ਕੋਲੋਂ ਇਕ ਲਾਵਾਰਿਸ ਪੈਕੇਟ ਮਿਲਿਆ। ਜਿਸਦੀ ਜਾਂਚ ਕਰਨ ’ਤੇ ਉਸ ਵਿੱਚੋਂ 26 ਪੈਕੇਟ ਤੰਬਾਕੂ, 12 ਪੈਕਟ ਕੂਲਲਿਪ, 83 ਬੀੜੀਆਂ ਦੇ ਬੰਡਲ, 12 ਪੈਕਟ ਸਿਗਰਟ, 12 ਮਧੂ ਮਨੱਕੇ, 5 ਲਾਈਟਰ, 6 ਹੀਟਰ ਸਪਰਿੰਗ, 94 ਕੈਪਸੁਲ, 1 ਰੈੱਡਮੀ ਕੰਪਨੀ ਦਾ ਸਮਾਰਟ ਫੋਨ, 2 ਚਾਰਜਰ, 1 ਡਾਟਾ ਕੇਬਲ, 1 ਕੀਪੈਡ ਵਾਲਾ ਫੋਨ, 1 ਹੈੱਡ ਫੋਨ, ਦੋ ਛੋਟੀਆਂ ਬੋਤਲਾਂ ਦੇਸੀ ਸ਼ਰਾਬ ਅਤੇ 15 ਗ੍ਰਾਮ ਅਫੀਮ ਬਰਾਮਦ ਹੋਈ। ਦੱਸ ਦਈਏ ਕਿ ਜੇਲ੍ਹ ਵਿੱਚੋਂ ਹੋਈ ਇਹ ਕੋਈ ਪਹਿਲੀ ਬਰਾਮਦਗੀ ਨਹੀਂ ਹੈ। ਇਥੇ ਆਏ ਦਿਨ ਜਿਥੇ ਮੋਬਾਈਲ ਫੋਨ ਬਰਾਮਦ ਹੁੰਦੇ ਹਨ। ਉਥੇ ਹੀ ਹੈਰੋਇਨ ਤਕ ਦੀ ਬਰਾਮਦਗੀ ਵੀ ਹੋ ਚੁੱਕੀ ਹੈ। ਇੰਨਾ ਹੀ ਨਹੀਂ ਅਫੀਮ, ਸੁਲਫਾ, ਨਜਾਇਜ਼ ਸ਼ਰਾਬ ਵਰਗੀਆਂ ਨਸ਼ੀਲੀਆਂ ਵਸਤੂਆਂ ਤੋਂ ਇਲਾਵਾ ਗੋਲੀਆਂ ਅਤੇ ਕੈਪਸੁਲ ਆਦਿ ਵੀ ਬਰਾਮਦ ਹੁੰਦੇ ਆਏ ਹਨ। ਜਿਸਦੇ ਚੱਲਦਿਆਂ ਇਹ ਜੇਲ੍ਹ ਅਕਸਰ ਚਰਚਾ ਵਿਚ ਰਹਿੰਦੀ ਹੈ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਸਹਾਇਕ ਸੁਪਰਡੈਂਟ ਅਵਤਾਰ ਸਿੰਘ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨਡੀਪੀਐੱਸ ਤੇ ਆਬਕਾਰੀ ਐਕਟ ਤੋਂ ਇਲਾਵਾ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।