ਬਿਜਲੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਮੌਤ
ਬਿਜਲੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਮੌਤ, ਪਿੰਡ ’ਚ ਸੋਗ ਦੀ ਲਹਿਰ
Publish Date: Thu, 19 Mar 2026 07:05 PM (IST)
Updated Date: Fri, 20 Mar 2026 04:13 AM (IST)

ਪਿੰਡ ਵਾਸੀਆਂ ਨੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ ਕੇਪੀ ਗਿੱਲ/ਸਤਨਾਮ ਚੀਮਾ•, ਪੰਜਾਬੀ ਜਾਗਰਣ, ਪੱਟੀ/ਘਰਿਆਲਾ : ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਸਭਰਾ ਵਿਚ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਕਰੀਬ 30 ਸਾਲਾ ਨੌਜਵਾਨ ਧਰਮਵੀਰ ਸਿੰਘ ਪੁੱਤਰ ਨਿਰਮਲ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਬਿਜਲੀ ਮੁਲਾਜ਼ਮ ਪਿੰਡ ਵਿਚ ਬਿਜਲੀ ਠੀਕ ਕਰਨ ਲਈ ਆਏ ਸਨ, ਜਿਨ੍ਹਾਂ ਵੱਲੋਂ ਬਿਨ੍ਹਾਂ ਕਿਸੇ ਪਰਮਿਟ ਦੇ ਧਰਮਵੀਰ ਸਿੰਘ ਨੂੰ ਟਰਾਂਸਫਾਰਮਰ ‘ਤੇ ਚੜ੍ਹਨ ਲਈ ਕਿਹਾ ਗਿਆ। ਦੱਸਿਆ ਜਾਂਦਾ ਹੈ ਕਿ ਬਿਜਲੀ ਸਪਲਾਈ ਬੰਦ ਕੀਤੇ ਬਿਨ੍ਹਾਂ ਹੀ ਉਸਨੂੰ ਉਪਰ ਚੜ੍ਹਾਇਆ ਗਿਆ, ਜਿਸ ਕਾਰਨ ਜ਼ਬਰਦਸਤ ਕਰੰਟ ਲੱਗ ਗਿਆ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਨੌਜਵਾਨ ਨੂੰ ਵੀ ਟਰਾਂਸਫਾਰਮਰ ‘ਤੇ ਚੜ੍ਹਾਇਆ ਗਿਆ ਸੀ, ਜਿਸ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ। ਇਸ ਹਾਦਸੇ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਆਪਣਾ ਘਰੇਲੂ ਕੰਮ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ ਉਹ ਪਿੱਛੇ ਇਕ ਛੋਟੀ ਬੱਚੀ ਛੱਡ ਗਿਆ। ਉਧਰ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਬੰਧਿਤ ਬਿਜਲੀ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰ ਕੇ ਇਨਸਾਫ਼ ਦਿੱਤਾ ਜਾਵੇ।