ਪਤਨੀ ਨਾਲ ਮਿਲ ਕੇ ਭਰਾ ਦੇ ਗਹਿਣੇ ਤੇ ਵਿਦੇਸ਼ੀ ਕਰੰਸੀ ਕੀਤੀ ਚੋਰੀ
ਅਮਰੀਕਾ ਤੋਂ ਆਏ ਭਰਾ ਦੇ ਗਹਿਣੇ ’ਤੇ ਡਾਲਰ ਭਰਾ ਨੇ ਪਤਨੀ ਸਮੇਤ ਕੀਤੇ ਚੋਰੀ
Publish Date: Thu, 12 Mar 2026 07:46 PM (IST)
Updated Date: Fri, 13 Mar 2026 04:10 AM (IST)

ਅਮਰੀਕਾ ਤੋਂ ਆਏ ਭਰਾ ਦੇ ਗਹਿਣੇ ’ਤੇ ਡਾਲਰ ਭਰਾ ਨੇ ਪਤਨੀ ਸਮੇਤ ਕੀਤੇ ਚੋਰੀ ਪੱਤਰ ਪ੍ਰੇਰਕ, •ਪੰਜਾਬੀ ਜਾਰਣ, ਤਰਨਤਾਰਨ : ਅਮਰੀਕਾ ਤੋਂ ਆਏ ਵਿਅਕਤੀ ਵੱਲੋਂ ਘਰ ਵਿਚ ਰੱਖੇ ਵੱਖ-ਵੱਖ ਦੇਸ਼ਾਂ ਜੇ ਡਾਲਰ ਅਤੇ ਸੋਨੇ ਦੇ ਗਹਿਣੇ ਕਥਿਤ ਤੌਰ ’ਤੇ ਉਸਦੇ ਭਰਾ ਨੇ ਹੀ ਆਪਣੀ ਪਤਨੀ ਤੇ ਇਕ ਹੋਰ ਨਾਲ ਮਿਲ ਕੇ ਚੋਰੀ ਕਰ ਲਏ। ਮਾਮਲਾ ਪੁਲਿਸ ਕੋਲ ਗਿਆ ਤਾਂ ਥਾਣਾ ਸਿਟੀ ਤਰਨਤਾਰਨ ਵਿਖੇ ਤਿੰਨਾਂ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਇਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਗੁਰਜਿੰਦਰ ਕੌਰ ਪਤਨੀ ਸਵ. ਰਛਪਾਲ ਸਿੰਘ ਵਾਸੀ ਕਿਲ੍ਹਾ ਕਵੀ ਸੰਤੋਖ ਸਿੰਘ ਨੂਰਦੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਛੋਟਾ ਲੜਕਾ ਰਜਿੰਦਰ ਸਿੰਘ ਕਰੀਬ 9 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਅਤੇ 20 ਨਵੰਬਰ 2025 ਨੂੰ ਪਿੰਡ ਆਇਆ। ਜਿਸ ਨੇ 1500 ਡਾਲਰ ਅਮਰੀਕਾ, 1500 ਡਾਲਰ ਕੈਨੇਡਾ ਅਤੇ 250 ਡਾਲਰ ਆਸਟਰੇਲੀਆ ਦੇ ਤੋਂ ਇਲਾਵਾ ਆਪਣੀ ਪਤਨੀ ਜਸ਼ਨਪ੍ਰੀਤ ਕੌਰ ਦੇ ਸੋਨੇ ਦੇ ਗਹਿਣੇ 3 ਸੈੱਟ ਹਾਰ, 3 ਸੈੱਟ ਕਾਂਟੇ, 1 ਟਿੱਕਾ, ਇਕ ਮੁੰਦਰੀ ਜਿਨ੍ਹਾਂ ਦਾ ਵਜ਼ਨ ਕਰੀਬ 14 ਤੋਲੇ ਬਣਦਾ ਹੈ, ਉਸ ਨੂੰ ਦਿੱਤਾ ਜੋ ਉਨ੍ਹਾਂ ਨੇ ਕਮਰੇ ਦੀ ਅਲਮਾਰੀ ’ਚ ਰੱਖੇ ਸਨ। 7 ਮਾਰਚ ਨੂੰ ਉਸਦਾ ਵੱਡਾ ਲੜਕਾ ਨੀਲਮਜੀਤ ਸਿੰਘ ਆਪਣੀ ਪਤਨੀ ਗਗਨਦੀਪ ਕੌਰ ਨਾਲ ਆਪਣੇ ਸਹੁਰੇ ਪਿੰਡ ਡੇਡਕੇ ਜ਼ਿਲ੍ਹਾ ਲੁਧਿਆਣਾ ਗਿਆ ਸੀ ਤੇ 8 ਮਾਰਚ ਨੂੰ ਉਹ, ਉਸਦਾ ਛੋਟਾ ਲੜਕਾ ਰਜਿੰਦਰ ਸਿੰਘ ਤੇ ਨੂੰਹ ਜਸ਼ਨਪ੍ਰੀਤ ਕੌਰ ਘਰ ਦੇ ਬਾਹਰਲੇ ਦਰਵਾਜੇ ਤਾਲਾ ਲਗਾ ਕੇ ਚੰਡੀਗੜ੍ਹ ਕਿਸੇ ਨਿੱਜੀ ਕੰਮ ਲਈ ਚਲੇ ਗਏ। 10 ਮਾਰਚ ਨੂੰ ਸ਼ਾਮ ਕਰੀਬ 4 ਵਜੇ ਉਹ ਘਰ ਵਾਪਸ ਆਏ ਤਾਂ ਵੇਖਿਆ ਕਿ ਕਮਰੇ ਦੀ ਬਾਰੀ ਵਾਲੀ ਗਰਿੱਲ ਪੁੱਟੀ ਹੋਈ ਸੀ। ਕਮਰੇ ’ਚ ਜਾ ਕੇ ਦੇਖਿਆ ਤਾਂ ਕਮਰੇ ਵਿਚ ਬਣੀ ਲੱਕੜ ਦੀ ਅਲਮਾਰੀ ਵਿਚਲਾ ਸਮਾਨ ਖਿੱਲਰਿਆ ਪਿਆ ਸੀ। ਜਦੋਂਕਿ ਅਲਮਾਰੀ ਵਿਚ ਰੱਖਿਆ ਸੋਨਾ ਤੇ ਵਿਦੇਸ਼ੀ ਡਾਲਰ ਵੀ ਚੋਰੀ ਹੋ ਚੁੱਕੇ ਸਨ। ਜਦੋਂ ਉਨ੍ਹਾਂ ਨੇ ਚੋਰੀ ਕਰਨ ਵਾਲੇ ਦਾ ਪਤਾ ਲਗਾਉਣ ਦੇ ਯਤਨ ਸ਼ੁਰੂ ਕੀਤਾ ਤਾਂ ਸਾਹਮਣੇ ਆਇਆ ਕਿ ਇਹ ਚੋਰੀ ਉਸਦੇ ਵੱਡੇ ਲੜਕੇ ਨੀਲਮਜੀਤ ਸਿੰਘ, ਉਸਦੀ ਪਤਨੀ ਗਗਨਦੀਪ ਕੌਰ ਤੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੰਦਰ ਸਿੰਘ ਵਾਸੀ ਡੇਡਕੇ ਲੁਧਿਆਣਾ ਨੇ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੀਲਮਜੀਤ ਸਿੰਘ, ਗਗਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਕੇਸ ਵਿਚ ਨਾਮਜ਼ਦ ਕਰਕੇ ਨੀਲਮਜੀਤ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।