ਦੁਕਾਨਦਾਰ ਨੂੰ ਜਖ਼ਮੀ ਕਰ ਕੇ ਨਕਦੀ ਕੀਤੀ ਚੋਰੀ
ਦੁਕਾਨ ’ਚ ਦਾਖਲ ਹੋ ਕੇ ਦੁਕਾਨਦਾਰ ਨੂੰ ਕੀਤਾ ਜਖਮੀ, ਨਕਦੀ ਚੋਰੀ ਕੀਤੀ
Publish Date: Thu, 12 Mar 2026 07:41 PM (IST)
Updated Date: Fri, 13 Mar 2026 04:10 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਕਾਜੀਕੋਟ ’ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ਉੱਪਰ ਆ ਕੇ ਕਥਿਤ ਤੌਰ ’ਤੇ ਦੁਕਾਨਦਾਰ ਨੂੰ ਜਖਮੀ ਕਰਨ ਅਤੇ ਗੱਲੇ ਵਿੱਚੋਂ ਚਾਰ ਹਜਾਰ ਦੀ ਨਕਦੀ ਕੱਢ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਖਤਾਰ ਸਿੰਘ ਮੁੱਖਾ ਪੁੱਤਰ ਮਹਿੰਦਰ ਸਿੰਘ ਵਾਸੀ ਕਾਜੀਕੋਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ’ਤੇ ਮੌਜੂਦ ਸੀ। ਇਸੇ ਦੌਰਾਨ ਰਵੀ, ਕਾਲੀ ਪੁੱਤਰ ਗੁਰਮੇਜ ਸਿੰਘ, ਰਵੀ ਪੁੱਤਰ ਕੋਲਾ, ਲੱਭਾ ਪੁੱਤਰ ਸਤਨਾਮ ਸਿੰਘ, ਜਸ਼ਨ ਪੁੱਤਰ ਸਤਨਾਮ ਸਿੰਘ ਅਤੇ ਦੀਪੂ ਪੁੱਤਰ ਲੱਭਾ ਵਾਸੀ ਕਾਜੀਕੋਟ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਅਤੇ ਉਸ ਉੱਪਰ ਹਮਲਾ ਕਰਕੇ ਲਹੂ ਲੁਹਾਣ ਕਰ ਦਿੱਤਾ। ਜਦੋਂਕਿ ਦੁਕਾਨ ਦੇ ਗੱਲੇ ਵਿੱਚੋਂ ਚਾਰ ਹਜਾਰ ਦੀ ਨਕਦੀ ਵੀ ਕੱਢ ਕੇ ਮੋਟਰਸਾਈਕਲਾਂ ਉੱਪਰ ਫਰਾਰ ਹੋ ਗਏ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਭਤੀਜੇ ਵਿਜੈ ਸਿੰਘ ਪੁੱਤਰ ਧੀਰਾ ਸਿੰਘ ਦਾ ਲੱਭਾ ਪੁੱਤਰ ਸਤਨਾਮ ਸਿੰਘ ਨਾਲ ਮਾਮੂਲੀ ਝਗੜਾ ਹੋਇਆ ਸੀ ਤੇ ਉਸਨੇ ਹਟਾਇਆ ਸੀ। ਜਿਸਦੀ ਰੰਜਿਸ਼ ਤਹਿਤ ਉਸ ਨੂੰ ਸੱਟਾਂ ਲਗਾਈਆਂ ਗਈਆਂ ਹਨ। ਮਾਮਲੇ ਜਾਂਚ ਕਰ ਰਹੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।