ਸੜਕ ਹਾਦਸੇ ’ਚ ਚਾਚੇ ਦੀ ਮੌਤ, ਭਤੀਜਾ ਜ਼ਖ਼ਮੀ
ਸਕਾਰਪਿਓ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ, ਚਾਚੇ ਦੀ ਮੌਤ, ਭਤੀਜਾ ਜਖਮੀ
Publish Date: Tue, 10 Mar 2026 07:33 PM (IST)
Updated Date: Wed, 11 Mar 2026 04:12 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਨਾਗੋਕੇ ਕੋਲ ਮੋਟਰਸਾਈਕਲ ਨੂੰ ਸਕਾਰਪਿਓ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਚਾਚਾ, ਭਤੀਜਾ ਜਖਮੀ ਹੋ ਗਏ। ਜਦੋਂਕਿ ਗੰਭੀਰ ਹਾਲਤ ਵਿਚ ਜਖਮੀ ਹੋਏ ਚਾਚੇ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਲਾਕੇ ਨਾਲ ਸਬੰਧਤ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਸਕਾਰਪਿਓ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਵਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਸਰਾਂ ਤਲਵੰਡੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਤੇ ਉਸਦਾ ਚਾਚਾ ਪਵਿੱਤਰ ਸਿੰਘ ਪੁੱਤਰ ਵੀਰ ਸਿੰਘ ਮੋਟਰਸਾਈਕਲ ਖਰੀਦਣ-ਵੇਚਣ ਦਾ ਕੰਮ ਕਰਦੇ ਹਨ। ਰੋਜ ਦੀ ਤਰ੍ਹਾਂ ਉਹ ਖਡੂਰ ਸਾਹਿਬ ਤੋਂ ਦੁਕਾਨ ਬੰਦ ਕਰਕੇ ਸ਼ਾਮ ਕਰੀਬ 6 ਵਜੇ ਮੋਟਰਸਾਈਕਲ ਨੰਬਰ ਪੀਬੀ08 ਈਡੀ 4791 ’ਤੇ ਸਵਾਰ ਹੋ ਕੇ ਆਪਣੇ ਪਿੰਡ ਸਰਾਂ ਤਲਵੰਡੀ ਵਾਪਸ ਜਾ ਰਹੇ ਸੀ। ਜਦੋਂ ਉਹ ਨਾਗੋਕੇ ਪਿੰਡ ਤੋਂ ਥੋੜਾ ਅੱਗੇ ਪੁੱਜੇ ਤਾਂ ਖਡੂਰ ਸਾਹਿਬ ਵੱਲੋਂ ਆਈ ਸਕਾਰਪਿਓ ਗੱਡੀ ਨੇ ਪਿੱਛੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਤੇ ਉਸਦਾ ਚਾਚਾ ਜਖਮੀ ਹੋ ਗਏ। ਚਾਚੇ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦੋਂਕਿ ਹਾਦਸੇ ਦਾ ਕਾਰਨ ਬਣੀ ਸਕਾਰਪਿਓ ਦਾ ਚਾਲਕ ਗੱਡੀ ਭਜਾ ਕੇ ਲੈ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਵੇਲ ਸਿੰਘ ਨੇ ਦੱਸਿਆ ਕਿ ਗੱਡੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।