ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਤੇ ਮੁਨੀਮ ’ਤੇ ਹਮਲਾ, ਨਕਦੀ ਕੀਤੀ ਚੋਰੀ
ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਤੇ ਮੁਨੀਮ ਨੂੰ ਕੀਤਾ ਜਖ਼ਮੀ, ਨਕਦੀ ਚੋਰੀ ਕੀਤੀ
Publish Date: Tue, 10 Mar 2026 07:31 PM (IST)
Updated Date: Wed, 11 Mar 2026 04:12 AM (IST)

ਇੱਟਾਂ ਲੈ ਕੇ ਆਏ ਟਰੈਕਟਰ ਚਾਲਕ ਸਣੇ ਇਕ ਦਰਜਨ ਲੋਕਾਂ ’ਤੇ ਕੇਸ ਦਰਜ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਗੋਹਲਵੜ ਵਿਖੇ ਬਣ ਰਹੇ ਗੁਦਾਮਾਂ ਦੀ ਲੇਵਰ ਨਾਲ ਕਥਿਤ ਤੌਰ ’ਤੇ ਗਾਲੀ ਗਲੋਚ ਕਰਨ ਦੇ ਨਾਲ ਨਾਲ ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਤੇ ਮੁਨੀਮ ਦੀ ਕੁੱਟਮਾਰ ਕਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ 50 ਹਜਾਰ ਦੀ ਨਕਦੀ ਵੀ ਖੋਹ ਕੇ ਲੈ ਗਏ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਇੱਟਾਂ ਲੈ ਕੇ ਆਏ ਟਰੱਕ ਚਾਲਕ ਸਮੇਤ ਇਕ ਦਰਜਨ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸੁਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਬੂਰ ਵਾਲਾ ਜ਼ਿਲ੍ਹਾ ਫਾਜਲਿਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸੱਤ ਸਾਲ ਤੋਂ ਕੰਸਟ੍ਰਕਸ਼ਨ ਕੰਪਨੀ ਵਿਚ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਕੰਪਨੀ ਸਰਕਾਰੀ ਪੁਲ ਅਤੇ ਗੁਦਾਮਾਂ ਦੇ ਨਿਰਮਾਣ ਦੇ ਠੇਕੇ ਲੈਂਦੀ ਹੈ। ਇਸ ਵੇਲੇ ਪੰਜਾਬ ਮੰਡੀ ਬੋਰਡ ਦੇ ਅਧੀਨ ਪਨਸਪ ਕੰਪਨੀ ਦੇ ਗੁਦਾਮ ਪਿੰਡ ਗੋਹਲਵੜ ਵਿਚ ਬਣ ਰਹੇ ਹਨ। 8 ਮਾਰਚ ਨੂੰ ਰਾਤ ਕਰੀਬ ਦਸ ਵਜੇ ਉਨ੍ਹਾਂ ਨੂੰ ਮਜ਼ਦੂਰਾਂ ਦਾ ਫੋਨ ਆਇਆ ਕਿ ਟਰੱਕ ਨੰਬਰ ਪੀਬੀ46 ਐੱਮ 9840 ’ਤੇ ਇੱਟਾਂ ਲੈ ਕੇ ਆਇਆ ਚਾਲਕ ਹੈਪੀ ਪੁੱਤਰ ਗੁਰਮੀਤ ਸਿੰਘ ਵਾਸੀ ਲਾਲਪੁਰਾ ਜੋ ਹੁਣ ਖਡੂਰ ਸਾਹਿਬ ਰਹਿੰਦਾ ਹੈ, ਮਜ਼ਦੂਰਾਂ ਨਾਲ ਲੜਾਈ ਝਗੜਾ ਕਰ ਰਿਹਾ ਹੈ। ਜਿਸਦੇ ਚੱਲਦਿਆਂ ਉਹ ਕੰਪਨੀ ਦੇ ਮਾਲਕ ਹਰਜਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਅੰਮ੍ਰਿਤਸਰ ਤੋਂ ਲੈ ਕੇ ਗੁਦਾਮ ਵਿਚ ਪਹੁੰਚਿਆ, ਜਿਥੇ ਹੈਪੀ ਡਰਾਈਵਰ ਮਜ਼ਦੂਰਾਂ ਨੂੰ ਗਾਲੀ ਗਲੋਚ ਕਰ ਰਿਹਾ ਸੀ। ਉਨ੍ਹਾਂ ਨੇ ਹੈਪੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਵੀ ਤਕਰਾਰ ਕਰਨ ਲੱਗਾ। ਫਿਰ ਉਸ ਨੇ ਫੋਨ ਕਰਕੇ ਇਕ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀ ਬੁਲਾ ਲਏ, ਜਿਨ੍ਹਾਂ ਨੇ ਉਸਦੀ ਤੇ ਉਸਦੇ ਮਾਲਕ ਹਰਜਿੰਦਰ ਸਿੰਘ ਦੀ ਕੁੱਟਮਾਰ ਕਰ ਦਿੱਤੀ। ਜ਼ਿਆਦਾ ਸੱਟਾਂ ਲੱਗਣ ਕਾਰਨ ਹਰਜਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਉਕਤ ਲੋਕ ਹਰਜਿੰਦਰ ਸਿੰਘ ਦੀ ਗੱਡੀ ਜਿਸ ਵਿਚ 50 ਹਜਾਰ ਦੀ ਨਕਦੀ ਸੀ ਖੋਹ ਕੇ ਲੈ ਗਏ ਅਤੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਾਮਲੇ ਦੀ ਜਾਂਚ ਕਰ ਰਹੇ ਏੈੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸੁਰਿੰਦਗਰ ਸਿੰਘ ਦੇ ਬਿਆਨਾਂ ’ਤੇ ਹੈਪੀ ਡਰਾਈਵਰ ਸਮੇਤ ਬਾਕੀ ਅਣਪਛਾਤਿਆਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।