ਕਾਰ ’ਚੋਂ 1300 ਬੋਤਲ ਨਾਜਾਇਜ਼ ਸ਼ਰਾਬ ਮਿਲੀ, ਕੇਸ ਦਰਜ
ਪੁਲਿਸ ਨੇ ਇਨੋਵਾ ਕਾਰ ਵਿੱਚੋਂ ਬਰਾਮਦ ਕੀਤੀ 1300 ਬੋਤਲ ਨਜਾਇਜ਼ ਸ਼ਰਾਬ
Publish Date: Thu, 26 Feb 2026 07:25 PM (IST)
Updated Date: Fri, 27 Feb 2026 04:10 AM (IST)
ਲਵਦੀਪ ਦੇਵਗਨ•, ਪੰਜਾਬੀ ਜਾਗਰਣ, ਹਰੀਕੇ ਪੱਤਣ : ਥਾਣਾ ਹਰੀਕੇ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਨਾਕੇਬੰਦੀ ਕਰਕੇ ਇਨੋਵਾ ਕਾਰ ਵਿੱਚੋਂ 1300 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਅਮਨਦੀਪ ਸਿੰਘ ਲਾਡੀ ਪੁੱਤਰ ਮੁਖਤਿਆਰ ਸਿੰਘ ਵਾਸੀ ਕਿੜੀਆਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਆਪਣੀ ਇਨੋਵਾ ਕਾਰ ਨੰਬਰ ਪੀਬੀ10 ਏਕੇ 0084 ’ਤੇ ਸ਼ਰਾਬ ਲੱਦ ਕੇ ਪਿੰਡ ਕਿੜੀਆਂ ਤੋਂ ਹਰੀਕੇ ਵੱਲ ਸੂਏ ਦੀ ਪੱਟੜੀ ਰਾਂਹੀ ਆ ਰਿਹਾ ਹੈ। ਉਕਤ ਸੂਚਨਾ ਦੇ ਚੱਲਦਿਆਂ ਉਨ੍ਹਾਂ ਨੇ ਨਾਕੇਬੰਦੀ ਕਰਕੇ ਇਨੋਵਾ ਕਾਰ ਵਿੱਚੋਂ ਅਮਨਦੀਪ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਰ ਵਿੱਚੋਂ 975 ਲੀਟਰ ਨਜਾਇਜ਼ ਸ਼ਰਾਬ ਜੋ 1300 ਬੋਤਲਾਂ ਬਣਦੀਆਂ ਹਨ, ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਵਿਰੁੱਧ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਜਸਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ।