‘ਆਪ’ ਸਰਪੰਚ ਕਤਲ ਮਾਮਲੇ ’ਚ ਪੁਲਿਸ ਨੇ ਹੁਣ ਤੱਕ ਸੱਤ ਵਿਅਕਤੀ ਕੀਤੇ ਕਾਬੂ
‘ਆਪ’ ਸਰਪੰਚ ਕਤਲ ਮਾਮਲੇ ’ਚ ਪੁਲਿਸ ਨੇ ਹੁਣ ਤੱਕ ਸੱਤ ਵਿਅਕਤੀ ਕੀਤੇ ਕਾਬੂ
Publish Date: Thu, 26 Feb 2026 07:14 PM (IST)
Updated Date: Fri, 27 Feb 2026 04:10 AM (IST)

ਇਕ ਮੁੱਖ ਸ਼ੂਟਰ ਸਣੇ ਚਾਰ ਜਣੇ ਦੋ-ਮੁਕਾਬਲਿਆਂ ਦੌਰਾਨ ਕੀਤੇ ਜਾ ਚੁੱਕੇ ਜ਼ਖ਼ਮੀ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਨੈਸ਼ਨਲ ਹਾਈਵੇ ਨੰਬਰ 54 ’ਤੇ ਸਥਿਤ ਸਿੱਧੂ ਫਾਰਮ ਨਾਂ ਦੇ ਪੈਲੇਸ ਵਿਚ ਚੱਲਦੇ ਵਿਆਹ ਸਮਾਗਮ ਦੌਰਾਨ ਸਿਰ ਵਿਚ ਗੋਲੀਆਂ ਮਾਰ ਕੇ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤ ਸਰਪੰਚ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਵਿਚੋਂ ਚਾਰ ਜਣੇ ਦੋ ਵੱਖ-ਵੱਖ ਮੁਕਾਬਲਿਆਂ ਦੌਰਾਨ ਜ਼ਖਮੀ ਹੋਏ ਸਨ ਅਤੇ ਇਨ੍ਹਾਂ ਵਿਚ ਇਕ ਮੁੱਖ ਸ਼ੂਟਰ ਵੀ ਸ਼ਾਮਲ ਹੈ। ਜਦੋਂਕਿ ਸ਼ੂਟਰਾਂ ਦੇ ਖਾਤੇ ਵਿਚ ਪੈਸੇ ਪਾਉਣ ਵਾਲੇ ਵੀ ਇਕ ਨੌਜਵਾਨ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਾਬੂ ਕੀਤਾ। ਹਾਲਾਂਕਿ ਇਸ ਹਾਈ ਪ੍ਰੋਫਾਈਲ ਕਤਲ ਮਾਮਲੇ ਵਿਚ ਅਜੇ ਵੀ ਦੋ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਤਸਵੀਰਾਂ ਵੀ ਪੁਲਿਸ ਨੇ ਜਨਤਕ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਲੋਕਾਂ ਨੂੰ ਕੋਲੋਂ ਸਹਿਯੋਗ ਮੰਗਿਆ ਹੈ। ਦੱਸਣਾ ਬਣਦਾ ਹੈ ਕਿ 18 ਫਰਵਰੀ ਦੀ ਬਾਅਦ ਦੁਪਹਿਰ ਸਿੱਧੂ ਫਾਰਮ ਵਿਚ ਵਿਆਹ ਸਮਾਗਮ ਮੌਕੇ ਹੋਰ ਰਿਸ਼ਤੇਦਾਰਾਂ ਸਮੇਤ ਸੋਫੇ ’ਤੇ ਬੈਠੇ ਪਿੰਡ ਠੱਠੀਆਂ ਮਹੰਤਾਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਜ਼ਦੀਕੀ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਗੋਲੀਬਾਰੀ ਦੌਰਾਨ ਸਰਪੰਚ ਦੇ ਚਚੇਰੇ ਭਰਾ ਜਰਮਨ ਸਿੰਘ ਨੂੰ ਵੀ ਹਮਲਾਵਰਾਂ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਸਨ, ਜਦੋਂ ਉਸ ਨੇ ਇਕ ਹਮਲਾਵਾਰ ਨੂੰ ਫੜ੍ਹ ਲਿਆ ਸੀ। ਗੋਲੀਬਾਰੀ ਦੌਰਾਨ ਏਕੇ-47 ਰਾਈਫਲ ਦੀ ਵਰਤੋਂ ਦੀ ਚਰਚਾ ਨੇ ਕੇਸ ਨੂੰ ਹਾਈ ਪ੍ਰੋਫਾਈਲ ਬਣਾ ਦਿੱਤਾ ਅਤੇ ਪੁਲਿਸ ਨੇ ਕਤਲ ਕੇਸ ਨੂੰ ਹੱਲ ਕਰਨ ਲਈ ਚਾਰ ਟੀਮਾਂ ਦਾ ਤੁਰੰਤ ਗਠਨ ਕਰ ਦਿੱਤਾ ਸੀ। ਜਿਸਦੇ ਚੱਲਦਿਆਂ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿਚ ਪੰਜ ਗ੍ਰਿਫ਼ਤਾਰੀਆਂ ਕੀਤੀਆਂ ਹਨ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਏਜੀਟੀਐੱਫ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਇਸ ਕਤਲ ਕੇਸ ਵਿਚ ਲੋੜੀਂਦੇ ਮੁੱਖ ਮੁਲਜ਼ਮਾਂ ’ਤੇ ਉਨ੍ਹਾਂ ਦੇ ਪਨਾਹਗਾਰਾਂ ਦੀ ਪਛਾਣ ਕੀਤੀ ਗਈ ਹੈ। ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵਰਪਾਲ ਮੁੱਖ ਸ਼ੂਟਰ, ਰੋਮਨਪ੍ਰੀਤ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਚੋਹਲਾ ਸਾਹਿਬ ਮੁੱਖ ਸ਼ੂਟਰ, ਸ਼ਰਨਪ੍ਰੀਤ ਸਿੰਘ ਉਰਫ ਪੁੱਤਰ ਅਵਤਾਰ ਸਿੰਘ ਵਾਸੀ ਚੋਹਲਾ ਸਾਹਿਬ ਵਾਰਦਾਤ ਮੌਕੇ ’ਤੇ ਮੌਜ਼ੂਦ ਸੀ, ਗੁਰਦੇਵ ਸਿੰਘ ਉਰਫ ਹਰਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਖਡੂਰ ਸਾਹਿਬ ਮੁੱਖ ਸ਼ੂਟਰ, ਪ੍ਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਜੌਹਲ ਢਾਏ ਵਾਲਾ ਵਾਰਦਾਤ ਸਮੇਂ ਮੌਕੇ ’ਤੇ ਮੌਜ਼ੂਦ ਸੀ। ਇਸ ਤੋਂ ਇਲਾਵਾ ਮੁੱਖ ਸ਼ੂਟਰ ਰੋਮਨਪ੍ਰੀਤ ਸਿੰਘ ਨੂੰ ਪਨਾਹ ਦੇਣ ਵਾਲੇ ਗੁਰਪਾਲ ਸਿੰਘ ਉਰਫ ਖੁਸ਼ੀ ਪੁੱਤਰ ਸੁਖਦੇਵ ਸਿੰਘ ਵਾਸੀ ਚੋਹਲਾ ਸਹਿਬ, ਨਵਜੋਤ ਸਿੰਘ ਕਾਲੂ ਪੁੱਤਰ ਅਵਤਾਰ ਸਿੰਘ ਵਾਸੀ ਚੋਹਲਾ ਸਾਹਿਬ ਸ਼ੂਟਰ ਸ਼ਰਨਪ੍ਰੀਤ ਸਿੰਘ ਦਾ ਭਰਾ, ਗੁਰਪਾਲ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਰੂੜੀਵਾਲਾ, ਹਰਦੀਪ ਸਿੰਘ ਦੀਪ ਪੁੱਤਰ ਲਖਵਿੰਦਰ ਸਿੰਘ ਵਾਸੀ ਚੋਹਲਾ ਸਾਹਿਬ, ਅਰਸ਼ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਸਤੀ ਸ਼ੇਖ ਜਲੰਧਰ ਰੋਮਨਪ੍ਰੀਤ ਸਿੰਘ ਨੂੰ ਪਨਾਹ ਦੇਣ ਵਾਲਾ ਅਤੇ ਸੁਖਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜਹਾਗੀਰ ਸ਼ਾਮਲ ਹਨ। ਐੱਸਐੱਸਪੀ ਨੇ ਦੱਸਿਆ ਕਿ ਸਰਪੰਚ ਹੱਤਿਆ ਕਾਂਡ ਵਿਚ ਮੁੱਖ ਸ਼ੂਟਰ ਰੋਮਨਪ੍ਰੀਤ ਸਿੰਘ ਅਤੇ ਉਸ ਨੂੰ ਪਨਾਹ ਦੇਣ ਵਾਲੇ ਅਰਸ਼ਦੀਪ ਸਿੰਘ ਨੂੰ ਬੁੱਧਵਾਰ ਪੱਟੀ ਦੇ ਨੇੜਲੇ ਪਿੰਡ ਜੱਲੋਕੇ ’ਚ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ ਹਾਲਤ ਵਿਚ ਕਾਬੂ ਕਰਕੇ ਪੱਟੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਨੌਸ਼ਹਿਰਾ ਪਨੂੰਆਂ ਕੋਲ ਹੋਏ ਮੁਕਾਬਲੇ ਦੌਰਾਨ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੂੰ ਵੀ ਜ਼ਖਮੀ ਹਾਲਤ ਵਿਚ ਕਾਬੂ ਕੀਤਾ ਗਿਆ ਸੀ। ਬਾਕਸ- ਦੋ ਮੁੱਖ ਸ਼ੂਟਰਾਂ ਦੀਆਂ ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰਪੰਚ ਹਰਬਰਿੰਦਰ ਸਿੰਘ ਨੂੰ ਕਤਲ ਕਰਨ ਦੇ ਮਾਮਲੇ ’ਚ ਲੋੜੀਂਦੇ ਦੋ ਮੁੱਖ ਸ਼ੂਟਰਾਂ ਮਨਪ੍ਰੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਵਰਪਾਲ ਅਤੇ ਗੁਰਦੇਵ ਸਿੰਘ ਉਰਫ ਹਰਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਖਡੂਰ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਸਰਗਰਮੀ ਨਾਲ ਜੁਟੀਆਂ ਹੋਈਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਦੀਆਂ ਤਸਵੀਰਾਂ ਵੀ ਸ਼ੋਸ਼ਲ ਮੀਡੀਆ ’ਤੇ ਜਨਤਕ ਕੀਤੀਆਂ ਗਈਆਂ ਹਨ, ਤਾਂ ਜੋ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।