ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਪਦਾਰਥ ਮਿਲੇ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮਿਲੇ ਮੋਬਾਇਲ ਤੇ ਤੰਬਾਕੂ ਪਦਾਰਥ
Publish Date: Thu, 12 Feb 2026 07:49 PM (IST)
Updated Date: Fri, 13 Feb 2026 04:12 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਅਧਿਕਾਰੀਆਂ ਨੇ ਮੋਬਾਈਲ ਫੋਨ ਅਤੇ ਵੱਡੀ ਮਾਤਰਾ ਵਿਚ ਤੰਬਾਕੂ ਪਦਾਰਥ ਬਰਾਮਦ ਕੀਤੇ ਹਨ। ਜਿਨ੍ਹਾਂ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਿਥੇ ਪੁਲਿਸ ਨੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਤਿੰਨ ਮੁਕੱਦਮੇਂ ਦਰਜ ਕੀਤੇ ਹਨ ਅਤੇ ਦੋ ਕੇਸਾਂ ਵਿਚ ਤਿੰਨ ਹਵਾਲਾਤੀਆਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ਵਿਚ ਚੈਕਿੰਗ ਦੌਰਾਨ ਹਵਾਲਾਤੀ ਲਵਜੀਤ ਸਿੰਘ ਪੁੱਤਰ ਲਾਡੀ ਸਿੰਘ ਵਾਸੀ ਬੱਚੀਵਿੰਡ ਅਤੇ ਮੁਖਦੀਪ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬਹਿੜਵਾਲ ਕੋਲੋਂ ਦੋ ਸਮਾਰਟ ਫੋਨ ਅਤੇ ਇਕ ਸਿਮ ਕਾਰਡ ਬਰਾਮਦ ਕੀਤਾ। ਜਦੋਂਕਿ ਹਵਾਲਾਤੀ ਹਰਦੀਪ ਸਿੰਘ ਪੱਤਰ ਸੁਰਜੀਤ ਸਿੰਘ ਕੋਲੋਂ ਇਕ ਕੀਪੈਡ ਵਾਲਾ ਫੋਨ ਚੈਕਿੰਗ ਦੌਰਾਨ ਮਿਲਿਆ ਹੈ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ਅੰਦਰ ਚੈਕਿੰਗ ਕੀਤੀ ਤਾਂ ਤਿੰਨ ਸਮਾਰਟ ਫੋਨ, ਦੋ ਕੀਪੈਡ ਵਾਲੇ ਫੋਨ, ਤਿੰਨ ਸਿਮ ਕਾਰਡ, ਇਕ ਚਾਰਜਰ, ਇਕ ਹੈੱਡ ਫੋਨ, 62 ਤੰਬਾਕੂ ਦੀਆਂ ਪੁੜੀਆਂ, 92 ਬੀੜੀਆਂ ਦੇ ਬੰਡਲ, 6 ਸਿਗਰਟ ਦੀਆਂ ਡੱਬੀਆਂ, 50 ਤੰਬਾਕੂ ਦੇ ਪੈਕੇਟ ਅਤੇ 40 ਕੂਲਲਿਪ ਦੇ ਪੈਕਟ ਬਰਾਮਦ ਹੋਏ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਦਰਜ ਕੀਤੇ ਗਏ ਕੇਸਾਂ ਦੀ ਜਾਂਚ ਲਈ ਏਐੱਸਆਈ ਬਲਦੇਵ ਸਿੰਘ ਅਤੇ ਏਐੱਸਆਈ ਪਿਆਰਾ ਸਿੰਘ ਦੀ ਡਿਊਟੀ ਲਗਾਈ ਗਈ ਹੈ।