ਹੈਰੋਇਨ ਤੇ ਗਲੌਕ ਪਿਸਟਲ ਸਮੇਤ ਬਾਈਕ ਸਵਾਰ ਦੋ ਕਾਬੂ
ਹੈਰੋਇਨ ਅਤੇ ਗਲੌਕ ਪਿਸਟਲ ਸਮੇਤ ਬਾਈਕ ਸਵਾਰ ਦੋ ਕਾਬੂ
Publish Date: Thu, 15 Jan 2026 07:50 PM (IST)
Updated Date: Fri, 16 Jan 2026 04:10 AM (IST)

ਇਕ ਹੋਰ ਸਾਥੀ ਦੀ ਹੋਈ ਪਛਾਣ, ਤਿੰਨਾਂ ਵਿਰੁੱਧ ਕੇਸ ਦਰਜ ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ, ਖਾਲੜਾ : ਤਰਨਤਾਰਨ ਜ਼ਿਲ੍ਹੇ ਦੇ ਸਰੱਹਦੀ ਇਲਾਕੇ ਵਿੱਚੋਂ ਪੁਲਿਸ ਨੇ ਬਾਈਕ ਵਾਰ ਦੋ ਨੌਜਵਾਨਾਂ ਨੂੰ ਹੈਰੋਇਨ ਤੇ ਗਲੌਕ ਪਿਸਟਲ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਦੇ ਇਕ ਹੋਰ ਸਾਥੀ ਦਾ ਨਾਂ ਵੀ ਸਾਹਮਣੇ ਆਇਆ। ਜਿਸਦੇ ਚੱਲਦਿਆਂ ਪੁਲਿਸ ਨੇ ਤਿੰਨਾਂ ਵਿਰੁੱਧ ਥਾਣਾ ਖਾਲੜਾ ਵਿਖੇ ਐੱਨਡੀਪੀਐੱਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਏਐੱਸਅਈ ਗੁਰਸਾਹਿਬ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਸਰਹੱਦੀ ਪਿੰਡ ਡੱਲ ਵਿਚ ਪੁੱਜੇ। ਜਿਥੇ ਬੀਐੱਸਐੱਫ ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਜੋਰਜੇ ਤੇ ਜਵਾਨਾਂ ਸਮੇਤ ਡ੍ਰੇਨ ਦੀ ਪੱਟੜੀ ’ਤੇ ਗਸ਼ਤ ਸ਼ੁਰੂ ਕੀਤੀ। ਇਸੇ ਦੌਰਾਨ ਮੋਟਰਟਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 264 ਗ੍ਰਾਮ ਹੈਰੋਇਨ ਅਤੇ ਇਕ ਗਲੌਕ ਪਿਸਟਲ ਬਰਾਮਦ ਹੋਇਆ, ਜਿਸਦਾ ਮੈਗਜੀਨ ਟੁੱਟਾ ਹੋਇਆ ਸੀ। ਜਦੋਂਕਿ ਦੋ ਮੋਬਾਈਲ ਫੋਨ ਵੀ ਮਿਲੇ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਮੰਗਾ ਪੁੱਤਰ ਬਲਕਾਰ ਸਿੰਘ ਵਾਸੀ ਵਾਰਡ ਨੰਬਰ 1 ਖੇਮਕਰਨ ਤੇ ਅਕਾਸ਼ਦੀਪ ਸਿੰਘ ਅਕਾਸ਼ ਪੁੱਤਰ ਮੰਗਲ ਸਿੰਘ ਵਾਸੀ ਮਹਿਦੀਪੁਰ ਵਜੋਂ ਪਛਾਣੇ ਗਏ ਉਕਤ ਨੌਜਵਾਨਾਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਸੰਦੀਪ ਸਿੰਘ ਵਿੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਭੰਡਾਲ ਕੋਲੋਂ ਲੈ ਕੇ ਆਏ ਹਨ ਅਤੇ ਉਹ ਤਿੰਨੇ ਰਲ ਕੇ ਇਹ ਕੰਮ ਕਰਦੇ ਹਨ। ਐੱਸਐੱਸਪੀ ਨੇ ਦੱਸਿਆ ਕਿ ਸੰਦੀਪ ਸਿੰਘ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਬੂ ਕੀਤੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।