ਬੁਲਟ ਸਵਾਰ ਨੂੰ ਥਾਰ ਗੱਡੀ ਨੇ ਮਾਰੀ ਟੱਕਰ, ਗੰਭੀਰ ਜ਼ਖ਼ਮੀ
ਬੁਲਟ ਸਵਾਰ ਨੂੰ ਥਾਰ ਗੱਡੀ ਨੇ ਮਾਰੀ ਟੱਕਰ, ਗੰਭੀਰ ਜਖਮੀ
Publish Date: Tue, 13 Jan 2026 06:18 PM (IST)
Updated Date: Tue, 13 Jan 2026 06:21 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬੋਹੜੀ ਵਾਲਾ ਚੌਂਕ ਵਿੱਚੋਂ ਲੜਕੀ ਨੂੰ ਬੱਸ ’ਤੇ ਚੜਾ ਕੇ ਵਾਪਸ ਪਰਤ ਰਹੇ ਬੁਲਟ ਸਵਾਰ ਨੂੰ ਤੇਜ ਰਫਤਾਰ ਥਾਰ ਗੱਡੀ ਨੇ ਟੱਕਰ ਮਾਰ ਦਿੱਤੀ। ਜਿਸਦੇ ਚੱਲਦਿਆਂ ਗੰਭੀਰ ਜਖਮੀ ਹੋਏ ਉਕਤ ਵਿਅਕਤੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮੌਕੇ ਤੋਂ ਫਰਾਰ ਹੋਏ ਥਾਰ ਚਾਲਕ ਦੀ ਪਛਾਣ ਕਰਕੇ ਉਸਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਅਮਨਜੀਤ ਕੌਰ ਪਤਨੀ ਹੀਰਾ ਸਿੰਘ ਵਾਸੀ ਮੁਹੱਲਾ ਗੁਰੂ ਕਾ ਖੂਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਲੜਕਾ ਹਰਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਲੜਕੀ ਨੂੰ ਬੋਹੜੀ ਵਾਲ ਚੌਂਕ ’ਚ ਬੱਸ ’ਤੇ ਚੜ੍ਹਾਉਣ ਲਈ ਗਿਆ ਅਤੇ ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਢਿੱਲੋਂ ਫੋਟੋ ਸਟੈਟ ਦੇ ਕੋਲ ਸਰਹਾਲੀ ਰੋਡ ਵੱਲੋਂ ਆ ਰਹੀ ਥਾਰ ਗੱਡੀ ਨੇ ਬੁਲਟ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਮੋਟਰਸਾਈਕਲ ਤਾਂ ਪਾਸੇ ਡਿੱਗ ਗਿਆ ਪਰ ਉਸਦਾ ਲੜਕਾ ਗੱਡੀ ਹੇਠ ਆ ਗਿਆ, ਜਦੋਂਕਿ ਥਾਰ ਚਾਲਕ ਗੱਡੀ ਵਿੱਚੋਂ ਉੱਤਰ ਕੇ ਭੱਜ ਗਿਆ। ਉਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਥਾਰ ਗੱਡੀ ਚਾਲਕ ਦੀ ਪਛਾਣ ਸਮੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਜਿਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।