ਜੇਲ੍ਹ ’ਚੋਂ ਤਿੰਨ ਦਰਜਨ ਦੇ ਕਰੀਬ ਮੋਬਾਈਲ ਬਰਾਮਦ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਤਿੰਨ ਦਰਜਨ ਦੇ ਕਰੀਬ ਮੋਬਾਈਲ ਬਰਾਮਦ
Publish Date: Thu, 01 Jan 2026 06:47 PM (IST)
Updated Date: Fri, 02 Jan 2026 04:09 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ’ਚ ਬਣੀ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਅਧਿਕਾਰੀਆਂ ਨੇ ਵੱਖ ਵੱਖ ਬੈਰਕਾਂ ਵਿੱਚੋਂ ਤਿੰਨ ਦਰਜਨ ਦੇ ਕਰੀਬ ਮੋਬਾਈਲ ਫੋਨ ਜਿਥੇ ਬਰਾਮਦ ਕੀਤੇ ਹਨ। ਉਥੇ ਹੀ ਵੱਡੀ ਗਿਣਤੀ ਸਿਮ ਕਾਰਡ ਵੀ ਹੱਥ ਲੱਗੇ ਹਨ। ਜੇਲ੍ਹ ਪ੍ਰਸ਼ਾਸਨ ਨੇ ਬਰਾਮਦ ਹੋਏ ਫੋਨ ਤੇ ਹੋਰ ਸਮੱਗਰੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤੀ ਹੈ। ਜਿਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇਂ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਜਾਰੀ ਕੀਤੀ ਸੀ ਕਿ ਚੈਕਿੰਗ ਦੌਰਾਨ ਬਾਥਰੂਮ ਕੋਲੋਂ 12 ਕੀਪੈਡ ਵਾਲੇ ਫੋਨ, 2 ਸਮਾਰਟ ਫੋਨ ਅਤੇ 5 ਸਿਮ ਕਾਰਡਾਂ ਤੋਂ ਇਲਾਵਾ ਇਕ ਡਾਟਾ ਕੇਬਲ ਤੇ ਦੋ ਅਡਾਪਟਰ ਬਰਾਮਦ ਹੋਏ ਹਨ। ਇਸੇ ਤਰ੍ਹਾਂ ਹੀ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਵੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਨਾਲ 9 ਸਮਰਾਟ ਫੋਨ ਤੇ 10 ਕੀਪੈਡ ਵਾਲੇ ਫੋਨਾਂ ਦੇ ਨਾਲ ਨਾਲ 8 ਸਿਮ ਕਾਰਡ ਜੋ ਉਨ੍ਹਾਂ ਨੇ ਜੇਲ੍ਹ ਅੰਦਰੋਂ ਬਰਾਮਦ ਕੀਤੇ ਸਨ, ਸੌਂਪੇ ਹਨ। ਥਾਣਾ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਦਰਜ ਕੀਤੇ ਕੇਸਾਂ ਦੀ ਅਗਲੀ ਜਾਂਚ ਲਈ ਏਐੱਸਆਈ ਅਰਜਨ ਸਿੰਘ ਤੇ ਏਐੱਸਆਈ ਬਲਜਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ।