ਕੱਪੜਾ ਵੇਚਣ ਵਾਲੇ ਨਾਲ ਹੋਈ ਲੁੱਟ ਸਬੰਧੀ ਕੇਸ ਦਰਜ
ਸਕੂਟਰੀ ’ਤੇ ਕੱਪੜਾ ਵੇਚਣ ਵਾਲੇ ਨਾਲ ਹੋਈ ਲੁੱਟ ਸਬੰਧੀ ਕੇਸ ਦਰਜ
Publish Date: Thu, 01 Jan 2026 06:37 PM (IST)
Updated Date: Fri, 02 Jan 2026 04:09 AM (IST)

ਪੱਤਰ ਪ੍ਰੇਰਕ,• ਪੰਜਾਬੀ ਜਾਗਰਣ, ਪੱਟੀ : ਪਿੰਡ ਬਾਹਮਣੀਵਾਲਾ ਦੇ ਕੋਲ ਸਕੂਟਰੀ ’ਤੇ ਕੱਪੜਾ ਲੱਦ ਕੇ ਵੇਚਣ ਵਾਲੇ ਵਿਅਕਤੀ ਨਾਲ ਹੋਈ ਲੁੱਟ ਦੀ ਘਟਨਾ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਹ ਘਟਨਾ 30 ਦਸੰਬਰ ਨੂੰ ਚਿੱਟੇ ਦਿਨ ਵਾਪਰੀ ਸੀ। ਜਿਸਦੇ ਚੱਲਦਿਆਂ ਪਿੰਡਾਂ ਵਿਚ ਸਮਾਨ ਵੇਚਣ ਲਈ ਜਾਣ ਵਾਲਿਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਸ਼ੋਕ ਭਾਟੀਆ ਪੁੱਤਰ ਜਸਪਾਲ ਭਾਟੀਆ ਵਾਸੀ ਪੱਟੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਅੰਮ੍ਰਿਤਸਰ ਤੋਂ ਕੱਪੜਾ ਲਿਆ ਕੇ ਸਕੂਟਰੀ ਉੱਪਰ ਡੱਗੀ ਲਗਾ ਕੇ ਪਿੰਡਾਂ ਵਿਚ ਵੇਚਦਾ ਹੈ। 30 ਦਸੰਬਰ ਨੂੰ ਉਹ ਰੋਜ ਦੀ ਤਰ੍ਹਾਂ ਸਵੇਰੇ ਕੱਪੜਾ ਵੇਚਣ ਲਈ ਪਿੰਡ ਕੁੱਲਾ, ਮਨਿਆਲਾ ਜੈ ਸਿੰਘ, ਮੁਗਲ ਵਾਲਾ ਆਦਿ ’ਚ ਗਿਆ ਸੀ। ਜਦੋਂ ਉਹ ਮੁਗਲਵਾਲਾ ਤੋਂ ਬਾਹਮਣੀ ਵਾਲਾ ਪਿੰਡ ਰਾਂਹੀ ਘਰ ਵਾਪਸ ਆ ਰਿਹਾ ਸੀ ਤਾਂ ਦੁਪਹਿਰ ਕਰੀਬ ਡੇਢ ਵਜੇ ਪਿੰਡ ਦਾ ਸੂਆ ਪਾਰ ਕਰਦਿਆਂ ਹੀ ਅੱਗੇ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤੇ ਉਸ ਉੱਪਰ ਪਿਸਟਲ ਤਾਣ ਦਿੱਤਾ। ਉਕਤ ਲੋਕਾਂ ਨੇ ਉਸਦੀ ਵਟਕ ਦੇ 8 ਹਜਾਰ ਰੁਪਏ ਤੋਂ ਇਲਾਵਾ ਰੈੱਡਮੀ ਕੰਪਨੀ ਦਾ ਮੋਬਾਈਲ 8 ਹਜਾਰ ਕੀਮਤ ਦੇ ਜਨਾਨਾ ਸੂਟ ਖੋਹ ਲਏ ਤੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਦੀ ਪਛਾਣ ਵਾਸਤੇ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।