ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਦੋ ਬੇਨਕਾਬ, ਪੁਲਿਸ ਨੂੰ ਵੇਖ ਭੱਜੇ
ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਦੋ ਬੇਨਕਾਬ, ਪੁਲਿਸ ਨੂੰ ਵੇਖ ਭੱਜੇ
Publish Date: Mon, 06 Apr 2026 08:08 PM (IST)
Updated Date: Tue, 07 Apr 2026 04:09 AM (IST)

ਪੁਲਿਸ ਨੇ ਤਿੰਨ ਕਾਰਾਂ ਕਬਜੇ ’ਚ ਲਈਆਂ, ਅਸਲਾ ਹੋਇਆ ਬਰਾਮਦ ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਦੋ ਲੋਕਾਂ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਪੁਲਿਸ ਨੇ ਉਨ੍ਹਾਂ ਦੇ ਟਿਕਾਣੇ ’ਤੇ ਛਾਪੇਮਾਰੀ ਕੀਤੀ ਤਾਂ ਉਕਤ ਲੋਕ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਉਥੋਂ ਤਿੰਨ ਕਾਰਾਂ ਬਰਾਮਦ ਕਰਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਵਿੱਚੋਂ ਅਸਲਾ ਬਰਾਮਦ ਹੋਇਆ। ਜਿਸਦੇ ਚੱਲਦਿਆਂ ਦੋਵਾਂ ਵਿਰੁੱਧ ਥਾਣਾ ਹਰੀਕੇ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਜਸਪ੍ਰੀਤ ਸਿੰਘ ਜੱਸਾ ਪੁੱਤਰ ਤਰਲੋਕ ਸਿੰਘ ਅਤੇ ਜੱਗਪ੍ਰੀਤ ਸਿੰਘ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਨਾਜਾਇਜ਼ ਅਸਲਾ ਲਿਆ ਕੇ ਹੋਰ ਵਿਅਕਤੀਆਂ ਨੂੰ ਸਪਲਾਈ ਕਰਦੇ ਹਨ। ਜਿਸਦੇ ਚੱਲਦਿਆਂ ਏਐੱਸਆਈ ਮਹਿਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਥਾਣਾ ਹਰੀਕੇ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੱਸਿਆ ਕਿ ਉਕਤ ਦੋਵੇਂ ਜਣੇ ਸਵਿਫਟ ਕਾਰ ਨੰਬਰ ਪੀਬੀ05 ਏਏ 6205, ਆਈ ਟਵੰਟੀ ਕਾਰ ਨੰਬਰ ਪੀਬੀ05 ਏਜੀ 5400 ’ਤੇ ਸਵਾਰ ਹੋ ਕੇ ਚਾਰ ਦੇ ਕਰੀਬ ਅਣਪਛਾਤੇ ਲੋਕਾਂ ਸਮੇਤ ਆਪਣੇ ਘਰ ਆਏ ਹੋਏ ਹਨ ਅਤੇ ਅਸਲੇ ਦਾ ਲੈਣ ਦੇਣ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਜੱਸਪ੍ਰੀਤ ਸਿੰਘ ਤੇ ਜੱਗਪ੍ਰੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਹ ਪੁਲਿਸ ਨੂੰ ਵੇਖ ਭੱਜ ਗਏ। ਜਦੋਂ ਘਰ ਦੇ ਬਾਹਰ ਖੜੀਆਂ ਗੱਡੀਆਂ ਸਵਿਫਟ, ਆਈ ਟਵੰਟੀ ਅਤੇ ਇਨੋਵਾ ਗੱਡੀ ਨੰਬਰ ਪੀਬੀ02 ਡੀਐੱਲ 3207 ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਕ 32 ਬੋਰ ਦਾ ਮੈਗਜੀਨ ਅਤੇ 6 ਕਾਰਤੂਸ, ਇਕ 30 ਬੋਰ ਦਾ ਦੇਸੀ ਪਿਸਟਲ, ਮੈਗਜੀਨ ਅਤੇ 7 ਕਾਰਤੂਸਾਂ ਤੋਂ ਇਲਾਵਾ 30 ਬੋਰ ਦੇ 7 ਕਾਰਤੂਸ ਅਤੇ 315 ਬੋਰ ਦੇ ਦੋ ਕਾਰਤੂਸ ਬਰਾਮਦ ਹੋਏ। ਐੱਸਐੱਸਪੀ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਦਰਜ ਕੀਤੇ ਗਏ ਕੇਸ ਦੀ ਅਗਲੀ ਜਾਂਚ ਲਈ ਏਐੱਸਆਈ ਗੁਰਮੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ।