ਸ੍ਰੀ ਗੁਰੂ ਹਰਿਕ੍ਰਿਸ਼ਨ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ’ਚ ਕ੍ਰਿਕਟ ਅਕੈਡਮੀ ਦੀ ਹੋਈ ਸ਼ੁਰੂਆਤ
Publish Date: Thu, 15 Jan 2026 05:22 PM (IST)
Updated Date: Fri, 16 Jan 2026 04:04 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ’ਚ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ। ਇਸਦੀ ਸ਼ੁਰੂਆਤ ਚੀਫ਼ ਖਾਲਸਾ ਦੀਵਾਨ ਦੇ ਸਪੋਰਟਸ ਕਨਵੀਨਰ ਰਬਿੰਦਰਬੀਰ ਸਿੰਘ ਭੱਲਾ , ਕੋ- ਕਨਵੀਨਰ ਮੋਹਨਜੀਤ ਸਿੰਘ ਭੱਲਾ ਅਤੇ ਜੋਇੰਟ ਸਪੋਰਟਸ ਡਾਇਰੈਕਟਰ ਦਪਿੰਦਰ ਸਿੰਘ ਵੱਲੋਂ ਕੀਤੀ ਗਈ। ਸਕੂਲ ਦੇ ਮੈਂਬਰ ਇੰਚਾਰਜ਼ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ, ਸਰਬਜੀਤ ਸਿੰਘ ਅਤੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਵਲੋਂ ਉਨ੍ਹਾਂ ਨੂੰ ‘ਜੀ ਆਇਆ’ ਕਿਹਾ ਗਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਰਬਿੰਦਰਬੀਰ ਸਿੰਘ ਨੇ ਕਿਹਾ ਕਿ ਇਹ ਅਕੈਡਮੀ ਸਕੂਲ ਅਤੇ ਇਲਾਕੇ ਦੇ ਬੱਚਿਆਂ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ। ਬੱਚੇ ਇਸ ਅਕੈਡਮੀ ਤੋਂ ਟ੍ਰੇਨਿੰਗ ਲੈ ਕੇ ਚੰਗੇ ਖਿਡਾਰੀ ਬਣਨਗੇ ਅਤੇ ਆਪਣੇ ਸਕੂਲ, ਮਾਪਿਆਂ ਤੇ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਰਾਹੀਂ ਬੱਚਿਆਂ ਅੰਦਰ ਖੇਡਾਂ ਪ੍ਰਤੀ ਦਿਲਚਸਪੀ ਵਧੇਗੀ ਅਤੇ ਉਹ ਮਾੜੀਆਂ ਆਦਤਾਂ ਗ੍ਰਹਿਣ ਨਹੀਂ ਕਰਨਗੇ ਜਿਸ ਨਾਲ ਇਕ ਸਿਹਤਮੰਦ ਤੇ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ। ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਜਸਬੀਰ ਕੌਰ ਸੈਣੀ ਵਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਹੋਣ ਨਾਲ ਸਕੂਲ ਅਤੇ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ, ਹੁਣ ਬੱਚਿਆਂ ਨੂੰ ਕ੍ਰਿਕਟ ਦੀ ਕੋਚਿੰਗ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ ਅਤੇ ਉਹ ਆਪਣੇ ਹੀ ਸ਼ਹਿਰ ਵਿਚ ਕ੍ਰਿਕਟ ਦੀ ਕੋਚਿੰਗ ਲੈ ਸਕਦੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਕ੍ਰਿਕਟ ਅਕੈਡਮੀ ਵਿਚ ਦਾਖਲ ਕਰਵਾ ਕੇ ਇਸ ਦਾ ਪੂਰਾ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ। ਅੱਜ ਸ਼ੁਰੂਆਤ ਮੌਕੇ ਬੱਚੇ ਕਰਨਬੀਰ ਸਿੰਘ ਨੇ ਦਾਖਲਾ ਕਰਵਾ ਕੇ ਇਸ ਕ੍ਰਿਕਟ ਅਕੈਡਮੀ ਦਾ ਪਹਿਲਾ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ ਤੇ ਕੋਚ ਲਵਪ੍ਰੀਤ ਸਿੰਘ ਹਾਜ਼ਰ ਸਨ।