ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਨੂੰ ਬਰੀ ਕਰਨਾ ਸੱਚਾਈ ਦੀ ਜਿੱਤ : ਸੰਧੂ, ਗੁਲਾਟੀ
ਦੇਸ਼ ਦੀ ਸੱਤਾ ’ਤੇ ਰਾਜ ਕਰ ਰਹੀ ਭਾਜਪਾ ਦਾ ਰਾਜਸੀ ਬਦਲਾਖੋਰੀ ਕਰਨ ਦਾ ਚਿਹਰਾ ਨੰਗਾ ਹੋ ਗਿਆ ਹੈ
Publish Date: Sun, 01 Mar 2026 04:25 PM (IST)
Updated Date: Mon, 02 Mar 2026 03:59 AM (IST)

ਸੰਦੀਪ ਮਹਿਤਾ•,ਪੰਜਾਬੀ ਜਾਗਰਣ, ਖੇਮਕਰਨ : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ‘ਆਪ’ ਆਗੂ ਮੁਨੀਸ਼ ਸਿਸੋਦੀਆ ਨੂੰ ਦਿੱਲੀ ਦੀ ਅਦਾਲਤ ਵਲੋਂ ਬਰੀ ਕਰਨ ਦੇ ਫੈਸਲੇ ਦਾ ਸਰਹੱਦੀ ਇਲਾਕੇ ਦੇ ਸੀਨੀਅਰ ‘ਆਪ’ ਆਗੂ ਨਗਰ ਪੰਚਾਇਤ ਖੇਮਕਰਨ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ ਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਆੜ੍ਹਤੀ ਹਰਭਜਨ ਸਿੰਘ ਸੰਧੂ ਖੇਮਕਰਨ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਇਤਿਹਾਸਕ ਫੈਸਲੇ ਨੇ ਜਿਥੇ ਦੇਸ਼ ਦੀ ਸੱਤਾ ’ਤੇ ਰਾਜ ਕਰ ਰਹੀ ਭਾਜਪਾ ਦਾ ਰਾਜਸੀ ਬਦਲਾਖੋਰੀ ਕਰਨ ਦਾ ਚਿਹਰਾ ਨੰਗਾ ਹੋ ਗਿਆ ਹੈ। ਉਥੇ ਦੇਸ਼ ਦੇ ਕਾਨੂੰਨ ’ਤੇ ਜਨਤਾ ਦਾ ਵਿਸ਼ਵਾਸ਼ ਹੋਰ ਵਧਿਆ ਹੈ। ਇਨ੍ਹਾਂ ਆਗੂਆਂ ਨੇ ਅੱਗੇ ਇਸ ਘਟਨਾ ਨੂੰ ਸੱਚਾਈ ਦੀ ਇਕ ਹੋਰ ਜਿੱਤ ਦੱਸਦੇ ਹੋਏ ਦਾਅਵੇ ਨਾਲ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵੱਧਦੇ ਗ੍ਰਾਫ ਨੂੰ ਦੱਬਣ ਵਾਸਤੇ ਕੀਤੇ ਗਏ ਨਾਜਾਇਜ਼ ਪਰਚੇ ਅੱਜ ਲੋਕਾਂ ਸਾਹਮਣੇ ਨੰਗੇ ਹੋ ਗਏ ਹਨ। ਕਿਉਂਕਿ ਅਦਾਲਤ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਨੂੰ ਲਾਈ ਫਿਟਕਾਰ ’ਚ ਕਿਹਾ ਹੈ ਕਿ ਇਹ ਕੇਸ ਬਿਲਕੁਲ ਬੇਬੁਨਿਆਦ ਸਨ। ਜਿਸ ’ਚ ਕੋਈ ਵੀ ਸੱਚਾਈ ਨਹੀਂ ਸੀ। ਜਿਸ ਤੋਂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਪਰ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆ ਨੂੰ ਬਰੀ ਕਰਨ ਦਾ ਅਦਾਲਤ ਦਾ ਫੈਸਲਾ ਇਕ ਸੱਚਾਈ ਦੀ ਜਿੱਤ ਹੈ ਤੇ ਇਹ ਫੈਸਲਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸੱਚਾਈ ਤੇ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਜਿਸ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਹੋਰ ਵਧ ਗਏ ਹਨ। ਵਰਕਰਾਂ ਵੱਲੋਂ ਇਲਾਕੇ ’ਚ ਜਗ੍ਹਾ-ਜਗ੍ਹਾ ਬਹੁਤ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਮਾਨ ਸਰਕਾਰ ਵੱਲੋਂ ਲਗਾਤਾਰ ਜਨ ਹਿੱਤ ’ਚ ਲਏ ਜਾ ਰਹੇ ਫ਼ੈਸਲਿਆਂ ਕਰ ਕੇ ਜਿੱਥੇ ਪਾਰਟੀ ਦਾ ਪਹਿਲਾ ਹੀ ਜਨ ਆਧਾਰ ਮਜ਼ਬੂਤ ਹੈ। ਉਥੇ ਇਸ ਫ਼ੈਸਲੇ ਨੇ ਪਾਰਟੀ ਨੂੰ ਇਮਾਨਦਾਰੀ ਦੇ ਮੁੱਦੇ ’ਤੇ ਹੋਰ ਬਲ ਦੇ ਦਿੱਤਾ ਹੈ। ਜਿਸ ਦਾ ਫਾਇਦਾ ਅੱਗੇ ਚੱਲ ਕੇ ਪਾਰਟੀ ਨੂੰ ਮਿਲੇਗਾ।