ਪਿੰਡ ਬਾਠ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਬਾਹਰ ਪਾਰਕ ਦਾ ਨਿਰਮਾਣ ਸ਼ੁਰੂ
ਇੰਦਰਜੀਤ ਸਿੰਘ ਤੇ ਧਰਿਮੰਦਰ ਸਿੰਘ ਬਾਊ ਨੇ ਦੱਸਿਆ ਕਿ ਰਣਜੀਤ ਸਿੰਘ ਬਾਠ ਨੇ ਆਪਣੇ ਵਾਅਦੇ ਨੂੰ ਨਿਭਾਉਂਦਿਆਂ ਉਕਤ ਜਗ੍ਹਾ ਤੋਂ ਰੂੜੀਆਂ ਹਟਵਾ ਦਿੱਤੀਆਂ ਹਨ ਤੇ ਪਾਰਕ ਦੇ ਨਿਰਮਾਣ ਕਾਰਜ ਆਰੰਭ ਵੀ ਕਰਵਾ ਦਿੱਤਾ ਹੈ।
Publish Date: Wed, 21 Jan 2026 07:34 PM (IST)
Updated Date: Thu, 22 Jan 2026 04:12 AM (IST)
ਰਣਜੀਤ ਸਿੰਘ ਬਾਠ ਨੇ ਚੋਣਾਂ ਉਪਰੰਤ ਨਤਮਸਤਕ ਹੋਣ ਸਮੇਂ ਕੀਤਾ ਸੀ ਵਾਅਦਾ
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਬਾਠ ਵਿਖੇ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਕੋਲ ਲੱਗੇ ਰੂੜੀ ਦੇ ਢੇਰ ਨੂੰ ਹਟਵਾ ਕੇ ਪੰਚਾਇਤ ਵੱਲੋਂ ਸਰਪੰਚ ਰਵਿੰਦਰ ਕੌਰ ਬਾਠ ਦੀ ਅਗਵਾਈ ਹੇਠ ਇਥੇ ਪਾਰਕ ਦੇ ਨਿਰਮਾਣ ਦਾ ਕਾਰਜ ਆਰੰਭ ਦਿੱਤਾ ਗਿਆ ਹੈ। ਦੱਸ ਦਈਏ ਕਿ ਰਵਿੰਦਰ ਕੌਰ ਦੇ ਸਰਪੰਚ ਬਣਨ ਉਪਰੰਤ ਜਦੋਂ ਉਨ੍ਹਾਂ ਦੇ ਪਤੀ ਮੋਹਤਬਰਾਂ ਸਮੇਤ ਗੁਰੂ ਘਰ ਸ਼ੁਕਰਾਨਾ ਕਰਨ ਲਈ ਪੁੱਜੇ ਸਨ, ਤਾਂ ਉਨ੍ਹਾਂ ਨੇ ਇੱਥੇ ਪਾਰਕ ਦੇ ਨਿਰਮਾਣ ਕਰਵਾਉਣ ਦਾ ਵਾਅਦਾ ਕੀਤਾ ਸੀ। ਜਿਸ ਨੂੰ ਪੂਰਾ ਕਰਦਿਆਂ ਅਮਲੀਜਾਮਾ ਵੀ ਪਹਿਨਾ ਦਿੱਤਾ ਹੈ।
ਇਸ ਸਬੰਧੀ ਇੰਦਰਜੀਤ ਸਿੰਘ ਗਿੱਲ ਤੇ ਧਰਮਿੰਦਰ ਸਿੰਘ ਬਾਊ ਗਿੱਲ ਨੇ ਦੱਸਿਆ ਕਿ ਪਿੰਡ ਬਾਠ ਦੀ ਪੰਚਾਇਤ ਬਣਨ ਤੋਂ ਬਾਅਦ ਜਦੋਂ ਰਣਜੀਤ ਸਿੰਘ ਬਾਠ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਤਾਂ ਉਨ੍ਹਾਂ ਦੇਖਿਆ ਕਿ ਗੁਰੂ ਘਰ ਦੇ ਬਾਹਰ ਰੂੜੀਆਂ ਦੇ ਢੇਰ ਲੱਗੇ ਹੋਏ ਸਨ, ਜਿਸ ਨਾਲ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਸੀ। ਉਨ੍ਹਾਂ ਨੇ ਉਸੇ ਦਿਨ ਵਾਅਦਾ ਕੀਤਾ ਸੀ ਕਿ ਉਹ ਗੁਰੂ ਘਰ ਦੇ ਬਾਹਰੋਂ ਰੂੜੀਆਂ ਚੁਕਵਾ ਕੇ ਇਸ ਜਗ੍ਹਾ ਉੱਪਰ ਖੂਬਸੂਰਤ ਪਾਰਕ ਦਾ ਨਿਰਮਾਣ ਕਰਵਾ ਕੇ ਦੇਣਗੇ, ਜੋ ਬਜ਼ੁਰਗਾਂ ਲਈ ਬੈਠਣ ਤੇ ਬੱਚਿਆਂ ਦੇ ਖੇਡਣ ਲਈ ਸਹਾਈ ਹੋਵੇਗਾ। ਨਾਲ ਹੀ ਗੁਰੂ ਘਰ ਦੇ ਇਰਦ ਗਿਰਦ ਸੁੰਦਰਤਾ ਤੇ ਹਰਿਆਲੀ ਵਧੇਗੀ। ਇੰਦਰਜੀਤ ਸਿੰਘ ਤੇ ਧਰਿਮੰਦਰ ਸਿੰਘ ਬਾਊ ਨੇ ਦੱਸਿਆ ਕਿ ਰਣਜੀਤ ਸਿੰਘ ਬਾਠ ਨੇ ਆਪਣੇ ਵਾਅਦੇ ਨੂੰ ਨਿਭਾਉਂਦਿਆਂ ਉਕਤ ਜਗ੍ਹਾ ਤੋਂ ਰੂੜੀਆਂ ਹਟਵਾ ਦਿੱਤੀਆਂ ਹਨ ਤੇ ਪਾਰਕ ਦੇ ਨਿਰਮਾਣ ਕਾਰਜ ਆਰੰਭ ਵੀ ਕਰਵਾ ਦਿੱਤਾ ਹੈ। ਜਿਸ ਨਾਲ ਸਮੁੱਚੇ ਇਲਾਕੇ ’ਚ ਖੁਸ਼ੀ ਤੇ ਪੰਚਾਇਤ ਪ੍ਰਤੀ ਸੰਤੁਸ਼ਟੀ ਪਾਈ ਜਾ ਰਹੀ ਹੈ।
ਧਰਮਿੰਦਰ ਸਿੰਘ ਬਾਊ ਗਿੱਲ ਨੇ ਕਿਹਾ ਕਿ ਰਣਜੀਤ ਸਿੰਘ ਬਾਠ ਚੰਗੀ ਸੋਚ ਨਾਲ ਪਿੰਡ ਦਾ ਵਿਕਾਸ ਕਰ ਰਹੇ ਹਨ ਤੇ ਗੁਰੂ ਘਰ ਦੇ ਚੌਗਿਰਦੇ ਕੋਲੋਂ ਰੂੜੀਆਂ ਹਟਵਾ ਕੇ ਪਾਰਕ ਦਾ ਨਿਰਮਾਣ ਕਰਵਾਉਣਾ ਬਹੁਤ ਹੀ ਉੱਤਮ ਕਦਮ ਹੈ, ਜਿਸ ਦੀ ਉਹ ਸ਼ਲਘਾ ਕਰਦੇ ਹਨ। ਉਨ੍ਹਾਂ ਨੇ ਇਸ ਮੌਕੇ ਰਣਜੀਤ ਸਿੰਘ ਬਾਠ ਤੇ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੰਗੇ ਕੰਮਾਂ ਨਾਲ ਹੀ ਲੋਕਾਂ ਦਾ ਭਰੋਸਾ ਪੰਚਾਇਤ ’ਤੇ ਮਜ਼ਬੂਤ ਹੁੰਦਾ ਹੈ।