ਖਡੂਰ ਸਾਹਿਬ ਤੇ ਚੋਹਲਾ ਸਾਹਿਬ ਬਲਾਕ ਸੰਮਤੀ ’ਤੇ ਕਾਬਜ਼ ਹੋਈ ਕਾਂਗਰਸ
ਚੇਅਰਮੈਨੀ ਤੇ ਵਾਈਸ ਚੇਅਰਮੈਨੀ ’ਤੇ ਕਬਜ਼ਾ ਕਰ ਕੇ ਆਉਣ ਵਾਲੇ ਸਮੇਂ ਲਈ ਕਾਂਗਰਸ ਦੀ ਜਿੱਤ ਯਕੀਨ ’ਚ ਬਦਲ ਦਿੱਤੀ
Publish Date: Wed, 25 Mar 2026 07:16 PM (IST)
Updated Date: Thu, 26 Mar 2026 04:06 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਹਾਲ ਹੀ ’ਚ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਆਪ ਤੇ ਅਕਾਲੀ ਦਲ ਨੂੰ ਕਰਾਰੀ ਹਾਰ ਦਿੰਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਆਮ ਆਦਮੀ ਪਾਰਟੀ ਦੇ ਹਰ ਤਰ੍ਹਾਂ ਦੇ ਹੱਥਕੰਡਿਆਂ ਦੇ ਬਾਵਜੂਦ ਬਲਾਕ ਸੰਮਤੀ ਖਡੂਰ ਸਾਹਿਬ ਤੇ ਚੋਹਲਾ ਸਾਹਿਬ ਤੋਂ ਚੇਅਰਮੈਨੀ ਤੇ ਵਾਈਸ ਚੇਅਰਮੈਨੀ ’ਤੇ ਕਬਜ਼ਾ ਕਰ ਕੇ ਆਉਣ ਵਾਲੇ ਸਮੇਂ ਲਈ ਕਾਂਗਰਸ ਦੀ ਜਿੱਤ ਯਕੀਨ ’ਚ ਬਦਲ ਦਿੱਤੀ ਹੈ। ਮੰਗਲਵਾਰ ਨੂੰ ਬਲਾਕ ਸੰਮਤੀ ਖਡੂਰ ਸਾਹਿਬ ਦੇ ਚੇਅਰਮੈਨ ਦੀ ਹੋਈ ਚੋਣ ’ਚ ਸੁਖਚੈਨ ਸਿੰਘ ਜੀਓਬਾਲਾ ਚੇਅਰਮੈਨ ਤੇ ਸੰਦੀਪ ਕੌਰ ਬਾਗੜੀਆਂ ਵਾਈਸ ਚੇਅਰਪਰਸਨ ਚੁਣੇ ਗਏ। ਜਦੋਂਕਿ ਬਲਾਕ ਸੰਮਤੀ ਚੋਹਲਾ ਸਾਹਿਬ ਤੋਂ ਰਮਨਦੀਪ ਕੌਰ ਚੇਅਰਪਰਸਨ ਤੇ ਧਰਮ ਸਿੰਘ ਵਾਈਸ ਚੇਅਰਮੈਨ ਚੁਣੇ ਗਏ ਹਨ। ਜਿਨ੍ਹਾਂ ਨੂੰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਜਿੱਤ ਉਪਰੰਤ ਮੌਜੂਦ ਮੈਂਬਰਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਿੱਕੀ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਮਿਹਨਤੀ ਵਰਕਰਾਂ ਦੀ ਅਣਥੱਕ ਮਿਹਨਤ ਸਦਕਾ ਕਾਂਗਰਸ ਪਾਰਟੀ ਨੂੰ ਦੋਵਾਂ ਬਲਾਕਾਂ ਤੋਂ ਇਹ ਵੱਡੀ ਤੇ ਸ਼ਾਨਦਾਰ ਜਿੱਤ ਨਸੀਬ ਹੋਈ ਹੈ। ਇਸ ਜਿੱਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ। ਇਸ ਜਿੱਤ ਲਈ ਜਿੱਥੇ ਚੇਅਰਮੈਨ, ਵਾਈਸ ਚੇਅਰਪਰਸਨ ਤੇ ਮੈਂਬਰ ਵਧਾਈ ਦੇ ਪਾਤਰ ਹਨ, ਉੱਥੇ ਸਮੂਹ ਖਡੂਰ ਸਾਹਿਬ ਹਲਕੇ ਦੇ ਕਾਂਗਰਸ ਵਰਕਰ ਵੀ ਪੂਰਨ ਰੂਪ ’ਚ ਭਾਗੀਦਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਨੂੰਨ ਨੂੰ ਛਿੱਕੇ ’ਤੇ ਟੰਗ ਕੇ ਇਨ੍ਹਾਂ ਚੋਣਾਂ ’ਚ ਬਨਾਵਟੀ ਜਿੱਤ ਪ੍ਰਾਪਤ ਕਰਨ ਲਈ ਜ਼ਬਰ ਦਾ ਡਟ ਕੇ ਸਹਾਰਾ ਲਿਆ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਜਾਇਜ਼ ਤਰੀਕੇ ਨਾਲ ਪੇਪਰ ਕੈਂਸਲ ਕਰਵਾਏ। ਫਿਰ ਵੀ ਹਲਕੇ ਦੇ ਲੋਕਾਂ ਦੀ ਕਾਂਗਰਸ ਪਾਰਟੀ ਪ੍ਰਤੀ ਹਮਦਰਦੀ ਦੀ ਲਹਿਰ ਅੱਗੇ ‘ਆਪ’ ਟਿਕ ਨਾ ਸਕੇ ਤੇ ਆਖ਼ਿਰ ਮੂੰਹ ਦੀ ਖਾਣੀ ਪਈ। ਇਸ ਮੌਕੇ ਮੌਜੂਦ ਮੈਂਬਰ ਬਲਾਕ ਸੰਮਤੀ ਮੇਹਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਮੱਲ੍ਹੀ, ਦਲਜੀਤ ਸਿੰਘ, ਯਾਦਵਿੰਦਰ ਕੌਰ, ਕੰਵਲਦੀਪ ਕੌਰ, ਹਰਜਿੰਦਰ ਕੌਰ, ਨਰਿੰਦਰ ਕੌਰ, ਸਿਮਰਜੀਤ ਕੌਰ, ਕੰਵਲ ਸ਼ਾਹ ਸ਼ਹਿਬਾਜ਼ਪੁਰ, ਗੁਰਿੰਦਰ ਸਿੰਘ ਜੀਓਬਾਲਾ, ਲਾਡੀ ਸ਼ਾਹ ਪੰਡੋਰੀ, ਰਮਨਦੀਪ ਸਿੰਘ ਸ਼ਾਹ ਖਡੂਰ ਸਾਹਿਬ, ਗੁਰਸਾਹਿਬ ਸਿੰਘ, ਜੋਤੀ ਬਾਗੜੀਆਂ, ਜੁਗਰਾਜ ਸਿੰਘ ਰੰਧਾਵਾ, ਰਣਜੀਤ ਸਿੰਘ ਪੀਏ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਬਚਿੱਤਰ ਸਿੰਘ ਕੰਗ, ਗਗਨ ਕੰਗ, ਸੁਖਦੀਪ ਸਿੰਘ ਮੌਜੂਦ ਸਨ।