ਕੰਪਿਊਟਰ ਅਧਿਆਪਕਾਂ ਨੇ ਬੀਮਾ ਕਾਰਡ ਵਿਚ ਲਾਈ ਡਿਊਟੀ ਦਾ ਕੀਤਾ ਬਾਈਕਾਟ
ਜ਼ਿਲ੍ਹਾ ਤਰਨਤਾਰਨ ਦੇ ਕੰਪਿਊਟਰ ਅਧਿਆਪਕਾਂ ਨੇ ਡੀਸੀ ਦਫ਼ਤਰ ਤਰਨਤਾਰਨ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ
Publish Date: Mon, 02 Feb 2026 04:23 PM (IST)
Updated Date: Tue, 03 Feb 2026 04:05 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਕੰਪਿਊਟਰ ਅਧਿਆਪਕਾਂ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਸ਼ੀਤਲ ਸਿੰਘ ਦੀ ਅਗਵਾਈ ਹੇਠ ਏਡੀਸੀ ਜਨਰਲ ਰਾਜਦੀਪ ਸਿੰਘ ਬਰਾੜ ਤਰਨਤਾਰਨ ਨੂੰ ਕੰਪਿਊਟਰ ਅਧਿਆਪਕਾਂ ਦੀ ਲਗਾਈ ਗਈ ਗੈਰ ਵਿੱਦਿਅਕ ਕੰਮਾਂ ਵਿਚ ਡਿਊਟੀ ਸਬੰਧੀ ਮਿਲਿਆ। ਜਿਸ ਵਿਚ ਸ਼ੀਤਲ ਸਿੰਘ ਨੇ ਦੱਸਿਆ ਕਿ ਡੀਸੀ ਦਫ਼ਤਰ ਤਰਨਤਾਰਨ ਵਲੋਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ’ਚ ਲਾਈ ਗਈ ਹੈ। ਜਦ ਕਿ ਮੁੱਖ ਮੰਤਰੀ ਨੇ ਸਰਕਾਰ ਬਣਦਿਆਂ ਹੀ ਕਿਹਾ ਸੀ ਕਿ ਕਿਸੇ ਵੀ ਅਧਿਆਪਕਾਂ ਦੀ ਡਿਊਟੀ ਕਿਸੇ ਵੀ ਗੈਰ ਵਿੱਦਿਅਕ ਕੰਮ ’ਚ ਨਹੀਂ ਲਗਾਈ ਜਾਵੇਗੀ, ਪ੍ਰੰਤੂ ਡੀਸੀ ਦਫ਼ਤਰ ਵੱਲੋਂ ਮੁੱਖ ਮੰਤਰੀ ਦੇ ਬਿਆਨ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਹਤ ਬੀਮਾ ਕਾਰਡ ਬਣਾਉਣ ’ਚ ਕੰਪਿਊਟਰ ਅਧਿਆਪਕਾਂ ਦੀ ਡਿਊਟੀਆਂ ਲਾਈਆਂ ਗਈਆਂ ਹਨ ਤੇ ਸਰਕਾਰੀ ਸਕੂਲਾਂ ’ਚੋਂ ਕੰਪਿਊਟਰ ਸੈੱਟ ਤੇ ਪ੍ਰਿੰਟਰ ਵੀ ਇਸ ਕੰਮ ’ਚ ਵਰਤਣ ਲਈ ਮੰਗੇ ਜਾ ਰਹੇ ਹਨ। ਜਦਕਿ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ/ਬਾਰਵੀਂ ਦੇ ਪ੍ਰਯੋਗੀ ਪ੍ਰੀਖੀਆ ’ਚ ਵੀ ਲਗਾਈਆਂ ਗਈਆਂ ਹਨ ਤੇ ਕੰਪਿਊਟਰ ਸੈੱਟ ਤੇ ਪ੍ਰਿੰਟਰ ਵਿਦਿਆਰਥੀਆਂ ਦੇ ਪ੍ਰੈਕਟੀਕਲ ਲੈਣ ਲਈ ਵੀ ਵਰਤੇ ਜਾਣੇ ਹਨ। ਸੋ ਸਮੂਹ ਜ਼ਿਲ੍ਹਾ ਤਰਨਤਾਰਨ ਦੇ ਕੰਪਿਊਟਰ ਅਧਿਆਪਕਾਂ ਨੇ ਡੀਸੀ ਦਫ਼ਤਰ ਤਰਨਤਾਰਨ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਹਾਰਡਵੇਅਰ ਵੀ ਸਕੂਲਾਂ ’ਚੋਂ ਨਾ ਮੰਗਵਾਇਆ ਜਾਵੇ ਅਤੇ ਡਿਊਟੀਆਂ ਰੱਦ ਹੋਣ ਤੱਕ ਸਮੂਹ ਜ਼ਿਲ੍ਹਾ ਤਰਨਤਾਰਨ ਦੇ ਕੰਪਿਊਟਰ ਅਧਿਆਪਕਾਂ ਨੇ ਇਨ੍ਹਾਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਇਸ ਵਫ਼ਦ ਵਿਚ ਸਮੂਹ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕ ਹਾਜ਼ਰ ਸਨ।