- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਚ ਅਧਿਕਾਰੀਆ ਵੱਲੋ ਇਨ੍ਹਾਂ ਦੇ ਕੰਮ ਦੀ ਹੌਸਲਾ ਅਫ਼ਜਾਈ ਕਰਨ ਦੀ ਬਜਾਏ ਉਲਟ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ

ਗੁਰਪ੍ਰੀਤ ਸਿੰਘ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ ਅਤੇ ਜੁਗਰਾਜ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਤਰਨਤਾਰਨ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਕਤ ਯੂਨੀਅਨ ਦੇ ਸੂਬਾ ਪ੍ਰਧਾਨ ਸੁਨੀਲ ਤਰਗੋਂਤਰਾ ਤੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਤੋਂ ਇਲਾਵਾ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਗੁਰਦੇਵ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਧਰਨਾ ਦੇ ਰਹੀਆਂ ਸਿਹਤ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ।
ਇਸ ਮੌਕੇ ਉਕਤ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਿੰਡਾਂ ਵਿਚ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਕਿ ਕਮਿਊਨਟੀ ਹੈਲਥ ਅਫਸਰਾਂ ਦੀ ਭਰਤੀ ਕੀਤੀ ਗਈ ਹੈ, ਉਦੋਂ ਤੋਂ ਪਿੰਡਾਂ ’ਚ ਸਿਹਤ ਦੇ ਮਿਆਰ ਵਿਚ ਕਾਫੀ ਸੁਧਾਰ ਹੋਇਆ ਹੈ ਤੇ ਸਮੂਹ ਕਮਿਊਨਟੀ ਹੈਲਥ ਅਫਸਰ ਆਪਣੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਇਹ ਸੇਵਾਵਾਂ ਪਿੰਡਾਂ ਦੇ ਲੋਕਾਂ ਨੂੰ ਦੇ ਰਹੇ ਹਨ। ਪਰ ਪਰ ਉੱਚ ਅਧਿਕਾਰੀਆ ਵੱਲੋ ਇਨ੍ਹਾਂ ਦੇ ਕੰਮ ਦੀ ਹੌਸਲਾ ਅਫ਼ਜਾਈ ਕਰਨ ਦੀ ਬਜਾਏ ਉਲਟ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਤਰਨਤਾਰਨ ਸਿਵਲ ਹਸਪਤਾਲ ਵਿਖੇ ਤਾਇਨਾਤ ਲਵਲੀਨ ਕੌਰ ਡੀਐੱਮਈਓ ਵੱਲੋਂ ਦਫ਼ਤਰੀ ਮੀਟਿੰਗ ਦੌਰਾਨ ਹੈਲਥ ਅਫਸਰਾਂ ਨੂੰ ਬਹੁਤ ਹੀ ਨਿੰਦਣਯੋਗ ਭਾਸ਼ਾ ਵਿਚ ਸੰਬੋਧਨ ਕੀਤਾ ਗਿਆ। ਉਨ੍ਹਾਂ ਦੀ ਸਿਵਲ ਸਰਜਨ ਦਫ਼ਤਰ ’ਚ ਵੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰ ਕੇ ਇਹ ਧਰਨਾ ਦੇਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਲਵਲੀਨ ਕੌਰ ਵੱਲੋਂ ਹਰੇਕ ਮੀਟਿੰਗ ’ਚ ਨਿੱਜੀ ਤੌਰ ’ਤੇ ਨਿਸ਼ਾਨ ਬਣਾ ਕੇ ਮਾਨਸਿਕ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲਵਲੀਨ ਕੌਰ ਨੂੰ ਇੱਥੋਂ ਬਦਲਿਆ ਨਾ ਗਿਆ ਜਾਂ ਉਸ ਖ਼ਿਲਾਫ਼ ਕੋਈ ਵਿਭਾਗੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉੱਧਰ ਜਦ ਇਸ ਮਾਮਲੇ ਬਾਰੇ ਲਵਲੀਨ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਧਰਨੇ ਨੂੰ ਮਲਟੀਪਰਪਜ਼ ਹੈਲਥ ਵਰਕਰ ਜੂਨੀਅਰ ਵੱਲੋਂ ਸਮਰਥਨ ਦੇਣ ਲਈ ਪੁੱਜੇ ਗੁਰਦੇਵ ਸਿੰਘ ਢਿੱਲੋਂ, ਰਜਵੰਤ ਸਿੰਘ ਬਾਗੜੀਆਂ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ ਮਾਲੂਵਾਲ ਆਦਿ ਨੇ ਵੀ ਸੰਬੋਧਨ ਕੀਤਾ।
====
ਕੋਈ ਵੀ ਸਰਕਾਰੀ ਮੁਲਾਜ਼ਮ ਡਿਊਟੀ ਦੌਰਾਨ ਨਹੀਂ ਕਰ ਸਕਦਾ ਵਪਾਰਕ ਧੰਦਾ : ਸੰਧੂ
ਧਰਨੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਦੇਵ ਸਿੰਘ ਸੰਧੂ ਨੇ ਧਰਨਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਲਵਲੀਨ ਕੌਰ ਵੱਲੋਂ ਜੋ ਵੀ ਉਨ੍ਹਾਂ ਨਾਲ ਕੀਤਾ ਗਿਆ ਹੈ, ਉਹ ਨਿੰਦਣਯੋਗ ਹੈ। ਇਸ ਲਈ ਉਨ੍ਹਾਂ ਨੂੰ ਇਨਸਾਫ ਦੇਣ ਵਾਸਤੇ ਹਰੇਕ ਪੱਖ ਤੋਂ ਜਾਂਚ ਕਰਕੇ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦਫਤਰੀ ਸਮੇਂ ਦੌਰਾਨ ਕੋਈ ਵੀ ਮੁਲਾਜ਼ਮ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਵਪਾਰ ਕਰ ਸਕਦਾ ਹੈ।
====
ਲਵਲੀਨ ਕੌਰ ਵੱਲੋਂ ਡਿਊਟੀ ਦੌਰਾਨ ਸ਼ੁਰੂ ਕੀਤੇ ਵਪਾਰ ਦੀ ਹੋਵੇ ਜਾਂਚ : ਸੂਬਾ ਆਗੂ
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲਾਏ ਗਏ ਰੋਸ ਧਰਨੇ ’ਚ ਪੁੱਜੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਨੀਲ ਤਰਗੋਂਤਰਾ ਅਤੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਨੇ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲਵਲੀਨ ਕੌਰ ਜੋ ਕਿ ਪਿਛਲੇ 15 ਸਾਲ ਤੋਂ ਇਥੇ ਤਾਇਨਾਤ ਹੈ, ਉਸ ਦੀ ਬਦਲੀ ਕਰਨ ਤੋਂ ਇਲਾਵਾ ਉਸ ਵੱਲੋਂ ਦਫ਼ਤਰੀ ਅਹੁਦੇ ’ਤੇ ਦਫ਼ਤਰੀ ਸਮੇਂ ਦੌਰਾਨ ਸ਼ੁਰੂ ਕੀਤੇ ਸੂਟਾਂ ਦੇ ਵਪਾਰ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਤਾਂ ਜੋ ਧਰਨਾਕਾਰੀ ਲੜਕੀਆਂ ਨੂੰ ਇਨਸਾਫ਼ ਮਿਲ ਸਕੇ।
====
ਲਵਲੀਨ ਕੌਰ ਵੱਲੋਂ ਸਟਾਫ ਨੂੰ ਆਨਲਾਈਨ ਵੇਚੇ ਜਾਂਦੇ ਹਨ ਸੂਟ
ਸਥਾਨਕ ਸਿਵਲ ਹਸਪਤਾਲ ਵਿਖੇ ਪਿਛਲੇ 15 ਸਾਲ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਲਵਲੀਨ ਕੌਰ ਖ਼ਿਲਾਫ਼ ਧਰਨਾ ਦੇ ਰਹੇ ਸਟਾਫ਼ ਨੇ ਆਨਲਾਈਨ ਸੂਟ ਵੇਚਣ ਦਾ ਵੀ ਦੋਸ਼ ਲਾਇਆ। ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਵਿਚ ਤਾਇਨਾਤ ਮਹਿਲਾ ਸਟਾਫ ਨੂੰ ਲਵਲੀਨ ਕੌਰ ਵੱਲੋਂ ਸੂਟ ਵੇਚੇ ਜਾਂਦੇ ਹਨ। ਜੇਕਰ ਕੋਈ ਕੋਈ ਲੜਕੀ ਇਨ੍ਹਾਂ ਪਾਸੋਂ ਸੂਟ ਨਾ ਖਰੀਦੇ ਤਾਂ ਉਸ ਨੂੰ ਮੀਟਿੰਗ ’ਚ ਬੁਰੀ ਤਰ੍ਹਾਂ ਹਰਾਸ ਕੀਤਾ ਜਾਂਦਾ ਹੈ। ਮੀਟਿੰਗ ਦੌਰਾਨ ਉਸ ਨਾਲ ਮੰਦੀ ਸ਼ਬਦਾਵਲੀ ਵੀ ਬੋਲੀ ਜਾਂਦੀ ਹੈ।
===
ਮਸਲੇ ਦੀ ਜਾਂਚ ਲਈ ਬਣਾ ਦਿੱਤੀ ਗਈ ਹੈ ਕਮੇਟੀ : ਸਿਵਲ ਸਰਜਨ
ਇਸ ਬਾਰੇ ਜਦੋਂ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਜੋ ਆਉਣ ਵਾਲੇ ਦਿਨਾਂ ’ਚ ਇਸ ਮਸਲੇ ਦੀ ਜਾਂਚ ਕਰਕੇ ਜਿਥੇ ਹੱਲ ਕਰੇਗੀ। ਉਥੇ ਹੀ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।