ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਅੱਜ ਦੇਵੇਗੀ ਸਿਵਲ ਸਰਜਨ ਦਫ਼ਤਰ ਅੱਗੇ ਰੋਸ ਧਰਨਾ
ਜੇਕਰ ਇਸ ਦਿਨ ਵੀ ਮਸਲਾ ਨਾ ਹੱਲ ਹੋਇਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
Publish Date: Sun, 11 Jan 2026 05:17 PM (IST)
Updated Date: Mon, 12 Jan 2026 04:07 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਜੈਸਮੀਨ ਕੌਰ ਤੇ ਜੁਗਰਾਜ ਕੌਰ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਿੰਡਾਂ ਵਿਚ ਕਮਿਊਨਟੀ ਹੈਲਥ ਅਫ਼ਸਰਾਂ ਵੱਲੋਂ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ। ਜਿਸ ਵਿਚ ਮੁੱਖ ਰੂਪ ’ਚ ਨਾਨ ਕਮਿਊਨਟੀ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ, ਜੱਚਾ-ਬੱਚਾ ਸਿਹਤ ਸੇਵਾਵਾਂ, ਲਗਭਗ ਸਾਰੇ ਨੈਸ਼ਨਲ ਹੈਲਥ ਪ੍ਰੋਗਰਾਮ ਆਦਿ ਆਉਂਦੇ ਹਨ। ਇਸੇ ਕਰਕੇ ਹੀ ਜਦੋਂ ਦੀ ਕਮਿਊਨਟੀ ਹੈਲਥ ਅਫ਼ਸਰਾਂ ਦੀ ਭਰਤੀ ਕੀਤੀ ਗਈ ਹੈ, ਉਦੋਂ ਤੋਂ ਪਿੰਡਾਂ ਵਿਚ ਸਿਹਤ ਦੇ ਮਿਆਰ ਵਿਚ ਕਾਫ਼ੀ ਸੁਧਾਰ ਹੋਇਆ ਹੈ ਤੇ ਸਮੂਹ ਕਮਿਊਨਟੀ ਹੈਲਥ ਅਫ਼ਸਰ ਆਪਣੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਇਹ ਸੇਵਾਵਾਂ ਪਿੰਡਾਂ ਦੇ ਲੋਕਾਂ ਨੂੰ ਦੇ ਰਹੇ ਹਨ। ਪਰ ਉਚ ਅਧਿਕਾਰੀਆ ਵਲੋ ਇਨ੍ਹਾਂ ਦੇ ਕੰਮ ਦੀ ਹੌਸਲਾ ਅਫ਼ਜਾਈ ਕਰਨ ਦੀ ਬਜਾਏ ਉਲਟਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਵੇਖਣ ’ਚ ਆਇਆ ਹੈ ਕਿ ਲਵਲੀਨ ਕੌਰ ਡੀਐੱਮਈਓ ਜ਼ਿਲ੍ਹਾ ਤਰਨਤਾਰਨ ਵੱਲੋਂ ਇਕ ਦਫ਼ਤਰੀ ਮੀਟਿੰਗ ਦੌਰਾਨ ਕਮਿਊਨਟੀ ਹੈਲਥ ਅਫ਼ਸਰਾਂ ਨੂੰ ਬਹੁਤ ਹੀ ਨਿੰਦਣਯੋਗ ਭਾਸ਼ਾ ’ਚ ਸੰਬੋਧਨ ਕੀਤਾ ਗਿਆ। ਇੱਥੋਂ ਤੱਕ ਕਿ ਨੌਕਰੀ ’ਚੋਂ ਕਢਵਾ ਦੇਣ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ। ਜਿਸ ਨਾਲ ਕਮਿਊਨਟੀ ਹੈਲਥ ਅਫ਼ਸਰਾਂ ’ਚ ਡਰ ਤੇ ਰੋਸ ਦਾ ਮਾਹੌਲ ਹੈ। ਇਸ ਸਬੰਧੀ ਜਦੋਂ ਸੀਐੱਚਓਜ਼ ਵੱਲੋਂ ਸਰਜਨ ਦਫ਼ਤਰ ਵਿਖ਼ੇ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚ ਕੀਤੀ ਗਈ ਤਾਂ ਉੱਥੇ ਵੀ ਸਿਵਲ ਸਰਜਨ ਨੇ ਸ਼ਿਕਾਇਤ ਲੈਣ ਤੋਂ ਟਾਲ ਮਟੋਲ ਕੀਤਾ ਤੇ ਲਗਭਗ 4 ਘੰਟੇ ਦਫ਼ਤਰ ਦੇ ਬਾਹਰ ਬਿਠਾ ਕੇ ਇੰਤਜ਼ਾਰ ਕਰਵਾਇਆ ਗਿਆ। ਇਸ ਸਬੰਧੀ ਸੀਐੱਚਓਜ਼ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਇਸ ਰੋਸ ਨੂੰ ਲੈ ਕੇ 12 ਜਨਵਰੀ ਸੋਮਵਾਰ ਨੂੰ ਦਫ਼ਤਰੀ ਕੰਮਕਾਜ ਛੱਡ ਕੇ ਸਬੰਧਤ ਅਧਿਕਾਰੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੋ ਉਦੋਂ ਤੱਕ ਜਾਰੀ ਰਹੇਗਾ, ਜਦੋ ਤੱਕ ਉਕਤ ਦਫ਼ਤਰੀ ਅਧਿਕਾਰੀ ਖਿਲਾਫ਼ ਕਾਰਵਾਈ ਨਹੀਂ ਹੋ ਜਾਂਦੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਡਾਇਰੈਕਟਰ ਮਿਸ਼ਨ ਐੱਮਐੱਚਐੱਮ ਚੰਡੀਗੜ੍ਹ ਪੰਜਾਬ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਦਿਨ ਵੀ ਮਸਲਾ ਨਾ ਹੱਲ ਹੋਇਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕੈਪਸ਼ਨ- ਜੈਸਮੀਨ ਕੌਰ। ਕੈਪਸ਼ਨ- ਜੁਗਰਾਜ ਕੌਰ।