ਪਿੰਡਾਂ ’ਚ ਧੁੰਦ ਤੇ ਠੰਢ ਦੇ ਪ੍ਰਭਾਵ ਨੇ ਕੀਤਾ ਜਨਜੀਵਨ ਠੱਪ
ਪਿੰਡਾਂ ’ਚ ਧੁੰਦ ਤੇ ਠੰਢ ਦੇ ਪ੍ਰਭਾਵ ਨੇ ਕੀਤਾ ਜਨ ਜੀਵਨ ਠੱਪ
Publish Date: Thu, 15 Jan 2026 05:44 PM (IST)
Updated Date: Fri, 16 Jan 2026 04:06 AM (IST)
ਘਰਾਂ ’ਚ ਦੁਬਕੇ ਲੋਕ, ਬੱਚੇ ਤੇ ਬਜੁਰਗ ਠੰਢ ਤੋਂ ਹੋਏ ਪ੍ਰੇਸ਼ਾਨ
ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ, ਤਰਨਤਾਰਨ : ਉੱਤਰੀ ਭਾਰਤ ਵਿਚ ਪੈ ਰਹੀ ਠੰਢ ਦਾ ਅਸਰ ਤਰਨਤਾਰਨ ਦੇ ਪਿੰਡਾਂ ਵਿਚ ਵੀ ਦਿਖਾਈ ਦਿੱਤਾ ਹੈ। ਕੜਾਕੇ ਦੀ ਠੰਢ, ਭਾਰੀ ਕੋਹਰੇ ਤੇ ਸੰਘਣੀ ਧੁੰਦ ਨੇ ਜਿਥੇ ਜਨ ਜੀਵਨ ਠੱਪ ਕੀਤਾ ਹੋਇਆ ਹੈ। ਉਥੇ ਹੀ ਠੰਢ ਤੋਂ ਬਚਣ ਲਈ ਲੋਕ ਘਰਾਂ ਵਿਚ ਦੁਬਕੇ ਰਹੇ। ਜਦੋਂਕਿ ਬਜੁਰਗਾਂ ਤੇ ਬੱਚਿਆਂ ਨੂੰ ਠੰਢ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਰਹੀ ਹੈ, ਜਿਸਦੇ ਚੱਲਦਿਆਂ ਸਕੂਲਾਂ ਵਿਚ ਵੀ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਤਰਨਤਾਰਨ ਵਿਚ ਵੀਰਵਾਰ ਨੂੰ ਭਾਰੀ ਧੁੰਦ ਅਤੇ ਕੜਾਕੇ ਦੀ ਠੰਢ ਦਾ ਪ੍ਰਭਾਵ ਰਿਹਾ। ਜਿਸਦੇ ਚੱਲਦਿਆਂ ਦਿਹਾਤੀ ਖੇਤਰ ਵਿਚ ਇਸਦਾ ਅਸਰ ਵਧੇਰੇ ਦਿਖਾਈ ਦਿੱਤਾ। ਪਿੰਡਾਂ ’ਚ ਕਣਕ ਅਤੇ ਆਲੂਆਂ ਆਦਿ ਦੇ ਖੇਤਾਂ ਉੱਪਰ ਛਾਈ ਧੁੰਦ ਦੀ ਚਾਦਰ ਨੇ ਕੰਮ ਕਾਰ ਬੁਰੀ ਤਰ੍ਹਾਂ ਨਾਲ ਰੋਕ ਕੇ ਰੱਖ ਦਿੱਤੇ। ਨਿਰਮਾਣ ਮਜਦੂਰਾਂ ਅਤੇ ਰੋਜ ਦੀ ਕਿਰਤ ਕਰਕੇ ਆਪਣੇ ਘਰ ਦਾ ਗੁਜਾਰਾ ਕਰਨ ਵਾਲੇ ਇਸ ਠੰਢ ਤੇ ਧੁੰਦ ਤੋਂ ਜਿਆਦਾ ਪ੍ਰਭਾਵਿਤ ਨਜ਼ਰ ਆਏ।
ਸਵੇਰ ਸਮੇਂ ਗੁਰੂ ਘਰਾਂ ’ਚ ਜਾਣ ਵਾਲੇ ਸ਼ਰਧਾਲੂ ਵੀ ਧੁੰਦ ਦੇ ਪ੍ਰਭਾਵ ਹੇਠ ਧਾਰਮਿਕ ਅਸਥਾਨਾਂ ’ਤੇ ਪੁੱਜੇ ਅਤੇ ਗੁਰੂ ਘਰਾਂ ਦੁਆਲੇ ਵੀ ਧੁੰਦ ਦਾ ਅਸਰ ਦਿਖਾਈ ਦਿੱਤਾ। ਇਥੋਂ ਤੱਕ ਕਿ ਲੋਕ ਆਪਣੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਘਰਾਂ ਅੰਦਰ ਬਿਠਾ ਕੇ ਰੱਖਣ ਲਈ ਮਜਬੂਰ ਦਿਖਾਈ ਦਿੱਤੇ। ਕਈ ਥਾਵਾਂ ’ਤੇ ਲੋਕਾਂ ਨੇ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲਿਆ। ਜਰੂਰੀ ਕੰਮ ਕਾਜ ਲਈ ਜਾਣ ਵਾਲੇ ਦੋ ਪਹੀਆ ਵਾਹਨ ਚਾਲਕ ਵੀ ਠੰਢ ਤੋਂ ਬਚਣ ਲਈ ਉਪਾਅ ਕਰਕੇ ਨਿਕਲੇ। ਲੋਈਆਂ, ਦਸਤਾਨਿਆਂ ਅਤੇ ਮਫਲਰਾਂ ਨਾਲ ਲੈਸ ਲੋਕ ਮੋਟਰਸਾਈਕਲਾਂ ਤੇ ਸਕੂਟਰਾਂ ’ਤੇ ਜਾਂਦੇ ਦਿਖਾਈ ਦਿੱਤੇ। ਪਿੰਡਾਂ ਦੀਆਂ ਲਿੰਕ ਸੜਕਾਂ, ਗਲੀਆਂ ਅਤੇ ਮੁੱਖ ਸੜਕਾਂ ਉੱਪਰ ਧੁੰਦ ਦਾ ਭਾਰੀ ਅਸਰ ਵੇਖਣ ਨੂੰ ਮਿਲਿਆ। ਇਲਾਕਾ ਵਾਸੀਆ ਪ੍ਰਭਜੋਤ ਸਿੰਘ, ਸੁਰਿੰਦਰ ਸਿੰਘ, ਗੁਰਭੇਜ ਸਿੰਘ ਨੇ ਕਿਹਾ ਕਿ ਇਸ ਵਾਰ ਠੰਢ ਦਾ ਅਸਰ ਪਹਿਲਾਂ ਨਾਲ ਜਿਆਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਲੋਹੜੀ ਵਾਲੇ ਦਿਨ ਤੋਂ ਹੀ ਠੰਢ ਦਾ ਮੋੜਾ ਸ਼ੁਰੂ ਹੋ ਜਾਂਦਾ ਸੀ ਪਰ ਲੱਗਦਾ ਹੈ ਕਿ ਇਸ ਵਾਰ ਠੰਢ ਦਾ ਮੌਸਮ ਲੰਮਾ ਚੱਲੇਗਾ।