- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੁੰਦ, ਕੋਹਰੇ ਤੇ ਸੀਤ ਲਹਿਰ ਦੇ ਨਾਂ ਰਿਹਾ ਮਾਘ ਮਹੀਨੇ ਦਾ ਦੂਜਾ ਦਿਨ

ਲੋਹੜੀ ਲੰਘਣ ਦੇ ਬਾਅਦ ਵੀ ਠੰਢ ਦਾ ਪ੍ਰਕੋਪ ਜਾਰੀ, ਜਨਜੀਵਨ ਪ੍ਰਭਾਵਿਤ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਵੀਰਵਾਰ ਨੂੰ ਮਾਘ ਮਹੀਨੇ ਦਾ ਦੂਜਾ ਧੁੰਦ, ਕੋਹਰੇ ਅਤੇ ਸੀਤ ਲਹਿਰ ਦੇ ਨਾਂ ਰਿਹਾ। ਸੰਘਣੀ ਧੁੰਦ ਨਾਲ ਹੋਈ ਸਵੇਰ ਦੇ ਚੱਲਦਿਆਂ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਜਦੋਂਕਿ ਲੋਹੜੀ ਲੰਘਣ ਦੇ ਬਾਵਜੂਦ ਠੰਢ ਦੇ ਜਾਰੀ ਪ੍ਰਕੋਪ ਨੇ ਲੋਕਾਂ ਨੂੰ ਠਰੂੰ-ਠਰੂੰ ਕਰਨ ਲਗਾਈ ਰੱਖਿਆ। ਜਿਸਦੇ ਚੱਲਦਿਆਂ ਜਰੂਰੀ ਕੰਮਕਾਜ ਲਈ ਸੜਕਾਂ ’ਤੇ ਨਿਕਲੇ ਲੋਕਾਂ ਨੂੰ ਇਲਾਵਾ ਚਹਿਲ ਪਹਿਲ ਕਾਫੀ ਘੱਟ ਦਿਖਾਈ ਦਿੱਤੀ। ਦੂਜੇ ਪਾਸੇ ਧੁੰਦ ਦੇ ਚੱਲਦਿਆਂ ਘਟੀ ਵਿਜੀਬਿਲਟੀ ਦੇ ਕਾਰਨ ਵਾਹਨ ਚਲਾਉਣ ਵਾਲਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੰਨਿਆ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਸਭ ਤੋਂ ਠੰਢਾ ਮੰਨਿਆ ਜਾਂਦਾ ਪੋਹ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ ਅਤੇ ਠੰਢ ਵੀ ਘਟਣ ਵਾਲੇ ਪਾਸੇ ਚੱਲਦੀ ਹੈ ਪਰ ਮਾਘ ਮਹੀਨੇ ਦੇ ਅੱਜ ਦੂਸਰੇ ਦਿਨ ਵੀ ਠੰਢ ਨੇ ਘਟਣ ਦਾ ਨਾਂ ਨਹੀਂ ਲਿਆ ਅਤੇ ਸੰਘਣੀ ਧੁੰਦ, ਕੋਹਰੇ ਤੇ ਸੀਤ ਲਹਿਰ ਨੇ ਲੋਕਾਂ ਨੂੰ ਭਾਰੀ ਮੁਸ਼ਿਕਲ ਵਿਚ ਪਾਈ ਰੱਖਿਆ।
ਸਵੇਰ ਸਮੇਂ ਦੁੱਧ, ਬਰੈਡ ਅਤੇ ਅਖਬਾਰਾਂ ਆਦਿ ਦੀ ਸਪਲਾਈ ਕਰਨ ਵਾਲੇ ਸੰਘਣੀ ਧੁੰਦ ਦੌਰਾਨ ਆਪਣੀ ਕਿਰਤ ਕਰਦੇ ਦਿਖਾਈ ਦਿੱਤੇ। ਇਥੋਂ ਤੱਕ ਕਿ ਪੜਾਈ ਲਈ ਜਾਣ ਵਾਲੇ ਨੌਜਵਾਨ ਵੀ ਧੁੰਦ ਵਿਚ ਹੀ ਆਪਣੀ ਮੰਜਿਲ ਵੱਲ ਜਾਂਦੇ ਨਜ਼ਰੀਂ ਪਏ। ਸੜਕਾਂ ਉੱਪਰ ਵਾਹਨਾਂ ਦੀ ਰਫਤਾਰ ਨੂੰ ਵੀ ਬ੍ਰੇਕਾਂ ਲੱਗੀਆਂ ਰਹੀਆਂ। ਲਾਈਟਾਂ ਜਗਾ ਕੇ ਇਹ ਵਾਹਨ ਸੜਕਾਂ ’ਤੇ ਰੇਂਗਦੇ ਨਜ਼ਰ ਆਏ। ਖੇਤਾਂ ਉੱਪਰ ਵੀ ਧੰਦ ਤੇ ਕੋਹਰੇ ਦੀ ਚਾਦਰ ਦਿਖਾਈ ਦਿੱਤੀ, ਜਿਸ ਕਾਰਨ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂਕਿ ਦਿਹਾੜੀ ਦਾਰ ਕਾਮੇ ਅਤੇ ਰੇਹੜੀਆਂ ਆਦਿ ਲਗਾ ਕੇ ਜੀਵਿਕਾ ਚਲਾਉਣ ਵਾਲਿਆਂ ਦੇ ਕੰਮਕਾਜ ਵੀ ਪ੍ਰਭਾਵਿਤ ਹੋਏ।
ਭਾਰੀ ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈਂਦੇ ਰਹੇ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਅੱਗ ਬਾਲ ਕੇ ਠੰਢ ਤੋਂ ਰਾਹਤ ਲੈਣ ਦਾ ਯਤਨ ਜਾਰੀ ਰਿਹਾ। ਦੁੱਧ ਦਾ ਕਾਰੋਬਾਰ ਕਰਦੇ ਜਸਵੰਤ ਸਿੰਘ ਨੇ ਦੱਸਿਆ ਕਿ ਠੰਢ ਤੇ ਧੁੰਦ ਦਾ ਪ੍ਰਭਾਵ ਬਹੁਤ ਜਿਆਦਾ ਸੀ ਪਰ ਘਰਾਂ ਤੱਕ ਦੁੱਧ ਪਹੁੰਚਾਉਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਠੰਢ ਦੇ ਬਾਵਜੂਦ ਉਹ ਆਪਣੇ ਕੰਮ ਵਿਚ ਡੱਟੇ ਰਹੇ। ਇਸੇ ਤਰ੍ਹਾਂ ਹੀ ਲੱਕੜ ਦਾ ਕੰਮ ਕਰਦੇ ਸਾਬੀ ਨੇ ਦੱਸਿਆ ਕਿ ਠੰਢ ਤਾਂ ਹੈ ਪਰ ਕੰਮ ਕਰਨਾ ਵੀ ਜਰੂਰੀ ਹੈ। ਇਸ ਲਈ ਧੁੰਦ ਤੇ ਕੋਹਰੇ ਦੇ ਬਾਵਜੂਦ ਉਹ ਆਪਣੇ ਕੰਮ ’ਤੇ ਪਹੁੰਚੇ ਹਨ।
ਬਾਕਸ-
ਧੁੰਦ ਦੌਰਾਨ ਸਾਵਧਾਨੀ ਤੇ ਚੌਕਸੀ ਜ਼ਰੂਰੀ : ਅਰੋੜਾ
ਸੁਸਾਇਟੀ ਫਾਰ ਐਕਸੀਡੈਂਟ ਏਡ ਅਤੇ ਟਰੈਫਿਕ ਹੈਲਪ ਸਾਥ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਕਿਹਾ ਕਿ ਸੰਘਣੀ ਧੁੰਦ ਦੌਰਾਨ ਵਾਹਨਾਂ ਨੂੰ ਸਾਵਧਾਨੀ ਨਾਲ ਚਲਾਉਣਾ ਬਹੁਤ ਜਰੂਰੀ ਹੈ। ਕਿਉਂਕਿ ਧੁੰਦ ਦੌਰਾਨ ਅਕਸਰ ਹਾਦਸਿਆਂ ਦੀ ਖਬਰਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਾਹਨਾਂ ਦੀਆਂ ਲਾਈਟਾਂ ਆਦਿ ਦਰੁਸਤ ਰੱਖਣੀਆਂ ਚਾਹੀਦੀਆਂ ਹਨ, ਤਾਂ ਜੋ ਆਪਣੀ ਜਾਂ ਕਿਸੇ ਹੋਰ ਦੀ ਜਾਨ ਲਈ ਖਤਰਾ ਨਾ ਬਣੇ। ਜੇਕਰ ਸੜਕ ’ਤੇ ਵਾਹਨ ਖਰਾਬ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਸੜਕ ਤੋਂ ਕਿਨਾਰੇ ’ਤੇ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਬਾਕਸ-
ਧੁੰਦ ਦੌਰਾਨ ਵਰਤਣੀ ਚਾਹੀਦੀ ਸਾਵਧਾਨੀ : ਹੀਰਾ ਸਿੰਘ
ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਨੇ ਕਿਹਾ ਕਿ ਮੌਸਮ ਬਹੁਤ ਖਰਾਬ ਚੱਲ ਰਿਹਾ ਹੈ। ਧੁੰਦ ਦੇ ਚੱਲਦਿਆਂ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਕਾਹਲੀ ਵਿਚ ਨਾ ਪੈਣ ਅਤੇ ਸੜਕ ’ਤੇ ਚੱਲਣ ਸਮੇਂ ਪੂਰੀ ਤਰ੍ਹਾਂ ਨਾਲ ਸਾਵਧਾਨ ਰਹਿਣ। ਇਸ ਨਾਲ ਹਾਦਸਿਆਂ ਤੋਂ ਬਚਾਅ ਰਹੇਗਾ ਅਤੇ ਕੀਮਤੀ ਜਾਨਾਂ ਖਤਰੇ ਵਿਚ ਨਹੀਂ ਪੈਣਗੀਆਂ। ਉਨ੍ਹਾਂ ਨੇ ਮਿਹਨਤਕਸ਼ ਲੋਕਾਂ ਨੂੰ ਵੀ ਠੰਢ ਤੋਂ ਬਚਣ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ।
ਬਾਕਸ-
ਵਾਹਨਾਂ ਪਿੱਛੇ ਲਾਈਟਾਂ ਜਾਂ ਰਿਫਲੈਕਟਰ ਲਗਾਉਣਾ ਜ਼ਰੂਰੀ : ਮੇਜਰ ਸਿੰਘ
ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਸੁਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਨੇ ਕਿਹਾ ਕਿ ਧੁੰਦ ਦੌਰਾਨ ਅਜਿਹੇ ਵਾਹਨਾਂ ਪਿੱਛੇ ਰਿਫਲੈਕਟਰ ਜਰੂਰ ਹੋਣੇ ਚਾਹੀਦੇ ਹਨ. ਜਿਨ੍ਹਾਂ ਦੇ ਪਿੱਛੇ ਲਾਈਟਾਂ ਨਹੀਂ ਹੁੰਦੀਆਂ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਬਹੁਤ ਸੰਘਣੀ ਧੁੰਦ ਪੈ ਰਹੀ ਹੈ ਤੇ ਜਰੂਰੀ ਕੰਮ ਤੋਂ ਇਲਾਵਾ ਬਿਨਾ ਵਜ੍ਹਾ ਦੇ ਸਫਰ ਤੋਂ ਇਸ ਵੇਲੇ ਬਚਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਵਧਾਨੀ ਨਾਲ ਹੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਬਾਕਸ-
ਧੁੰਦ ਦੌਰਾਨ ਕੀਤੀ ਜਾਵੇ ਨਿਯਮਾਂ ਦੀ ਪਾਲਣਾ : ਟਰੈਫਿਕ ਇੰਚਾਰਜ
ਤਰਨਤਾਰਨ ਟਰੈਫਿਕ ਵਿੰਗ ਦੇ ਇੰਚਾਰਜ ਦਿਲਬਾਗ ਸਿੰਘ ਨੇ ਕਿਹਾ ਕਿ ਧੁੰਦ ਦੌਰਾਨ ਵਾਹਨ ਚਲਾਉਣ ਸਮੇਂ ਸੁਚੇਤ ਰਹਿਣ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ’ਤੇ ਬਣੀ ਸਫੈਦ ਪੱਟੀ ਦਾ ਧਿਆਨ ਰੱਖਣ ਦੇ ਨਾਲ ਨਾਲ ਰਫਤਾਰ ’ਤੇ ਵੀ ਕਾਬੂ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਹਨਾਂ ਦੀਆਂ ਸਾਈਟਾਂ ਤੇ ਇਛਾਰੇ ਦਰੁਸਤ ਰੱਖੇ ਜਾਣ ਅਤੇ ਓਵਰਟੇਕ ਤੋਂ ਬਚਿਆ ਜਾਵੇ। ਟਰੈਫਿਕ ਇੰਚਾਰਜ ਨੇ ਕਿਹਾ ਥੋੜੀ ਜਿਹੀ ਸਾਵਧਾਨੀ ਵਰਤ ਕੇ ਅਸੀਂ ਆਪਣੀ ਤੇ ਹੋਰਾਂ ਦੇ ਜੀਵਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ।