ਨਵੇਂ ਸਾਲ ਦੇ ਪਹਿਲੇ ਦਿਨ ਕੜਾਕੇ ਦੀ ਠੰਢ ਨੇ ਠਰਨ ਲਾਏ ਲੋਕ
ਨਵੇਂ ਸਾਲ ਦੇ ਪਹਿਲੇ ਦਿਨ ਪਈ ਕਿਣ ਮਿਣ ਤੇ ਕੜਾਕੇ ਦੀ ਠੰਢ ਨੇ ਠਰੂੰ ਠਰੂੰ ਕੀਤੇ ਲੋਕ
Publish Date: Thu, 01 Jan 2026 04:58 PM (IST)
Updated Date: Fri, 02 Jan 2026 04:05 AM (IST)

ਅੱਗ ਦਾ ਸਹਾਰਾ ਲੈ ਕੇ ਠੰਢ ਤੋਂ ਬਚਦੇ ਦਿਖਾਈ ਦਿੱਤੇ ਲੋਕ ਗੁਰਪ੍ਰੀਤ ਸਿੰਘ ਕੱਦਗਿੱਲ, •ਪੰਜਾਬੀ ਜਾਗਰਣ, ਤਰਨਤਾਰਨ : ਨਵੇਂ ਸਾਲ ਦਾ ਪਹਿਲਾ ਦਿਨ ਭਾਰੀ ਠੰਢ ਭਰਿਆ ਰਿਹਾ। ਧੁੰਦ ਅਤੇ ਕਿਣ-ਮਿਣ ਨੇ ਜਿਥੇ ਠੰਢ ਵਿਚ ਹੋਰ ਵਾਧਾ ਕੀਤਾ, ਉਥੇ ਹੀ ਲੋਕਾਂ ਨੂੰ ਠਰੂੰ-ਠਰੂੰ ਕਰਨ ਵੀ ਲਗਾ ਦਿੱਤਾ। ਜਿਸਦੇ ਚੱਲਦਿਆਂ ਲੋਕ ਅੱਗ ਦਾ ਸਹਾਰਾ ਲੈ ਕੇ ਠੰਢ ਤੋਂ ਬਚਾਅ ਕਰਦੇ ਦਿਖਾਈ ਦਿੱਤੇ। ਜਦੋਂਕਿ ਠੰਢ ਦੇ ਚੱਲਦਿਆਂ ਜਨ ਜੀਵਨ ਵੀ ਪ੍ਰਭਾਵਿਤ ਹੁੰਦਾ ਨਜ਼ਰੀ ਪਿਆ। ਕਿਉਂਕਿ ਬਰਸਾਤ ਤੇ ਠੰਢ ਕਾਰਨ ਦਿਹਾੜੀਦਾਰ ਕਾਮੇ ਤੇ ਹੋਰ ਛੋਟੇ ਮੋਟੇ ਕੰਮ ਕਰ ਕੇ ਜੀਵਿਕਾ ਚਲਾਉਣ ਵਾਲੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ। ਬੁੱਧਵਾਰ ਨੂੰ ਅਚਨਾਕ ਵਧੀ ਠੰਢ ਦਾ ਅਸਰ ਵੀਰਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਵੀ ਪੂਰਨ ਰੂਪ ਵਿਚ ਦਿਖਾਈ ਦਿੱਤਾ। ਰਾਤ ਹੋਈ ਬਰਸਾਤ ਤੇ ਫਿਰ ਸਵੇਰੇ ਸਮੇਂ ਵਾਰ ਵਾਰ ਹੁੰਦੀ ਕਿਣ ਮਿਣ ਨੇ ਠੰਢ ਵਿਚ ਵਾਧਾ ਕਰੀ ਰੱਖਿਆ। ਜਿਸਦੇ ਚੱਲਦਿਆਂ ਲੋਕ ਜਿਥੇ ਆਪਣੇ ਘਰਾਂ ਤੇ ਦੁਕਾਨਾਂ ਵਿਚ ਦੁਬਕੇ ਦਿਖਾਈ ਦਿੱਤੇ। ਉਥੇ ਹੀ ਠੰਢ ਤੋਂ ਬਚਣ ਲਈ ਗਲੀਆਂ, ਬਾਜ਼ਾਰਾਂ ਇਥੋਂ ਤੱਕ ਕਿ ਵੱਡੀਆਂ ਸੜਕਾਂ ਦੀਆਂ ਦੁਕਾਨਾਂ ਵਾਲੇ ਵੀ ਅੱਗ ਲਗਾ ਕੇ ਠੰਢ ਤੋਂ ਬਚਣ ਦਾ ਉਪਾਅ ਕਰਦੇ ਦਿਖਾਈ ਦਿੱਤੇ। ਅੱਜ ਦੂਸਰੇ ਦਿਨ ਵੀ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਜਨ ਜੀਵਨ ਪ੍ਰਭਾਵਿਤ ਹੁੰਦਾ ਰਿਹਾ। ਦੁਕਾਨਦਾਰਾਂ ਮਨੂ, ਹਰਪ੍ਰੀਤ ਸਿੰਘ, ਰਣਬੀਰ ਸਿੰਘ, ਧਰਮਿੰਦਰ ਸਿੰਘ, ਬਲਦੇਵ ਸਿੰਘ, ਹਰਭਜਨ ਸਿੰਘ ਅਤੇ ਅਭੀਸ਼ੇਕ ਆਦਿ ਨੇ ਕਿਹਾ ਕਿ ਠੰਢ ਦੇ ਚੱਲਦਿਆਂ ਕੰਮਕਾਜ ਵੀ ਠੰਢਾ ਪੈ ਜਾਂਦਾ ਹੈ। ਹਾਲਾਂਕਿ ਦਿਨ ਦੇ ਦੋ ਤਿੰਨ ਘੰਟੇ ਬਜਾਰਾਂ ਵਿਚ ਜਰੂਰ ਰੌਣਕ ਰਹਿੰਦੀ ਹੈ। ਦੂਜੇ ਪਾਸੇ ਡਾਕਟਰਾਂ ਦੀ ਮੰਨੀਏ ਤਾਂ ਠੰਢ ਵਿਚ ਬੱਚਿਆਂ ਤੇ ਬਜੁਰਗਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ਵਿਚ ਦਿਲ ਤੇ ਬਲੱਡ ਪ੍ਰੈਸ਼ਰ ਨਾਲ ਸਬੰਧਤ ਮਰੀਜਾਂ ਦੀਆਂ ਮੁਸ਼ਕਲਾਂ ਵਿਚ ਅਕਸਰ ਵਾਧਾ ਹੋ ਜਾਂਦਾ ਹੈ।