ਬਿਜਲੀ ਘਰ ਪੁੱਜੇ ਕਿਸਾਨ, ਸਮਾਰਟ ਮੀਟਰ ਕਰਵਾਏ ਜਮ੍ਹਾਂ
ਮਾਣੋਚਾਹਲ ਬਿਜਲੀ ਘਰ ਪੁੱਜੇ ਕਿਸਾਨਾ ਤੇ ਖ਼ਪਤਕਾਰਾਂ ਨੇ ਸਮਾਰਟ ਮੀਟਰ ਕਰਵਾਏ ਜਮ੍ਹਾਂ
Publish Date: Thu, 22 Jan 2026 06:34 PM (IST)
Updated Date: Fri, 23 Jan 2026 04:13 AM (IST)

ਮਦਨ ਲਾਲ•, ਪੰਜਾਬੀ ਜਾਗਰਣ, ਸ਼ਾਹਬਾਜਪੁਰ : ਕਿਸਾਨ ਮਜ਼ਦੂਰ ਮੋਰਚੇ ਵਲੋਂ ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਥਾਂਵਾ ਉਪਰ ਵੱਡੇ ਪੱਧਰ ’ਤੇ ਖਪਤਕਾਰਾਂ ਦੇ ਸਮਾਰਟ ਮੀਟਰ ਉਤਾਰ ਕੇ ਬਿਜਲੀ ਘਰਾਂ ਵਿਚ ਜਮ੍ਹਾਂ ਕਰਵਾਏ ਗਏ। ਇਸੇ ਲੜੀ ਤਹਿਤ ਤਰਨਤਾਰਨ ਜ਼ਿਲ੍ਹੇ ਦੇ ਸਬ ਡਵੀਜਨ ਮਾਣੋਚਾਹਲ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਈ ਹੇਠ ਐੱਸਡੀਓ ਦਫ਼ਤਰ ਵਿਖੇ ਵੱਡੀ ਤਦਾਦ ਵਿਚ ਖਪਤਕਾਰਾਂ ਤੇ ਜਥੇਬੰਦੀ ਦੇ ਆਗੂਆਂ ਦੀ ਹਾਜਰੀ ਵਿਚ ਚਿੱਪ ਵਾਲੇ ਮੀਟਰ ਜਮ੍ਹਾਂ ਕਰਵਾਏ ਗਏ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਨੇ ਕਿਹਾ ਕਿ ਅੱਜ ਸੂਬੇ ਭਰ ਵਿਚ ਵੱਖ-ਵੱਖ ਥਾਂਵਾ ਤੇ ਚਿੱਪ ਵਾਲੇ ਮੀਟਰਾਂ ਨੂੰ ਉਤਾਰ ਕੇ ਬਿਜਲੀ ਘਰਾਂ ਵਿਚ ਜਮ੍ਹਾਂ ਕਰਵਾਉਣ ਦਾ ਪ੍ਰੋਗਰਾਮ ਸੀ ਤੇ ਇਸੇ ਤਹਿਤ ਹੀ ਇਹ ਮੀਟਰ ਇਥੇ ਜਮ੍ਹਾਂ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਸੂਬਾ ਸਰਕਾਰ ਰਲ ਕੇ ਬਿਜਲੀ ਬੋਰਡ ਨੂੰ ਕਾਰਪਰੇਟ ਹੱਥਾਂ ਦੇ ਵਿਚ ਦੇਣ ਜਾ ਰਹੀ ਆ। ਜਿਸ ਦਾ ਵੱਖ-ਵੱਖ ਥਾਵਾਂ ’ਤੇ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਾਰਪਰੇਟ ਘਰਾਣਿਆਂ ਹੱਥਾਂ ਵਿਚ ਬਿਜਲੀ ਬੋਰਡ ਦਾ ਪ੍ਰਬੰਧ ਆਉਣ ਨਾਲ ਬਿਜਲੀ ਮਹਿੰਗੀ ਹੋ ਜਾਏਗੀ, ਜਿਸ ਨਾਲ ਦੇਸ਼ ਦੇ ਹਰੇਕ ਵਰਗ ਨੂੰ ਆਉਣ ਵਾਲੇ ਸਮੇਂ ਵਿਚ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਆਉਣ ਵਾਲੇ ਸਮੇਂ ਵਿਚ ਖ਼ਪਤਕਾਰ ਨੂੰ ਮੋਬਾਇਲ ਵਾਂਗ ਹੀ ਬਿਜਲੀ ਮੁੱਲ ਲੈਣੀ ਪਵੇਗੀ। ਇਸ ਨਾਲ ਦੇਸ਼ ਦਾ ਹਰੇਕ ਵਰਗ ਪ੍ਰਭਾਵਿਤ ਹੋਵੇਗਾ ਤੇ ਹੌਲੀ-ਹੌਲੀ ਲੋਕ ਬਿਜਲੀ ਦੀ ਸੁਵਿਧਾ ਲੈਣ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਮਜ਼ਦੂਰਾਂ, ਦੁਕਾਨਦਾਰਾਂ ਅਤੇ ਮੁਲਾਜ਼ਮ ਵਰਗ ਜ਼ਿਆਦਾ ਪ੍ਰਭਾਵਿਤ ਹੋਵੇਗਾ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕੇ ਸਮਾਰਟ ਮੀਟਰਾਂ ਦੀ ਥਾਂ ’ਤੇ ਪੁਰਾਣੇ ਗਰਾਗੀ ਵਾਲੇ ਕਾਲੇ ਮੀਟਰ ਲਿਆਂਦੇ ਜਾਣ ਤੇ ਇਕ ਰੁਪਈਆ ਬਿਜਲੀ ਪ੍ਰਤੀ ਯੂਨਿਟ ਦਿੱਤੀ ਜਾਵੇ। ਇਸ ਮੌਕੇ ਸਤਨਾਮ ਸਿੰਘ ਮਾਣੋਚਾਹਲ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਤੇ ਸੂਬਾ ਕੌਰ ਕਮੇਟੀ ਮੈਂਬਰ, ਸਲਵਿੰਦਰ ਸਿੰਘ ਜੀਉਬਾਲਾ, ਲਖਵਿੰਦਰ ਸਿੰਘ ਪਲਾਸੌਰ, ਸਰਵਨ ਸਿੰਘ ਵਲੀਪੁਰ, ਸਵਿੰਦਰ ਸਿੰਘ ਕਾਜ਼ੀਕੋਟ, ਬਲਜੀਤ ਸਿੰਘ ਮੁਗਲਚੱਕ, ਸਕੱਤਰ ਸਿੰਘ ਮਾਣੋਚਾਹਲ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।