ਡਿਪਟੀ ਕਮਿਸ਼ਨਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੀਤੀ ਖਾਸ ਅਪੀਲ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ’ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਮਾਝਾ ਖੇਤਰ ’ਚ ਪਤੰਗਬਾਜ਼ੀ ਵੀ ਇਸ ਜਸ਼ਨ ਦਾ ਹਿੱਸਾ ਹੈ।
Publish Date: Mon, 12 Jan 2026 05:50 PM (IST)
Updated Date: Tue, 13 Jan 2026 04:07 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਡਿਪਟੀ ਕਮਿਸ਼ਨਰ ਰਾਹੁਲ ਨੇ ਜ਼ਿਲ੍ਹੇ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਹੜੀ ਦੇ ਤਿਉਹਾਰ ਮੌਕੇ ਕੇਵਲ ਸੂਤੀ ਧਾਗੇ ਦੀ ਰਿਵਾਇਤੀ ਡੋਰ ਨਾਲ ਹੀ ਪਤੰਗਬਾਜ਼ੀ ਨੂੰ ਤਰਜੀਹ ਦੇਣ। ਬੱਚਿਆਂ ਦੇ ਮਾਪਿਆਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਚਾਈਨਾ ਡੋਰ ਨਾਲ ਪਤੰਗਾਂ ਬਿਲਕੁਲ ਨਾ ਉਡਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ’ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਮਾਝਾ ਖੇਤਰ ’ਚ ਪਤੰਗਬਾਜ਼ੀ ਵੀ ਇਸ ਜਸ਼ਨ ਦਾ ਹਿੱਸਾ ਹੈ। ਪਿਛਲੇ ਕੁਝ ਸਾਲਾਂ ਤੋਂ ਦੇਖਿਆ ਗਿਆ ਹੈ ਕਿ ਲੋਕ ਪਤੰਗਾਂ ਉਡਾਉਣ ਲਈ ਪਲਾਸਟਿਕ ਸਿੰਥੈਟਿਕ ਦੀ ਡੋਰ ਦੀ ਵਰਤੋਂ ਕਰਦੇ ਹਨ, ਜਿਸ ਨੂੰ ਆਮ ਤੌਰ ਤੇ ਚਾਈਨਾ ਡੋਰ ਕਿਹਾ ਜਾਂਦਾ ਹੈ। ਇਹ ਡੋਰ ਨਾ ਸਿਰਫ ਪੰਛੀਆਂ ਲਈ ਬਲਕਿ ਸਾਡੇ ਲਈ ਵੀ ਬਹੁਤ ਖ਼ਤਰਨਾਕ ਹੈ ਕਿਉਂਕਿ ਇਸ ਨਾਲ ਕਈ ਗੰਭੀਰ ਹਾਦਸੇ ਵਾਪਰਦੇ ਹਨ। ਕਈ ਵਾਰ ਤਾਂ ਇਹ ਡੋਰ ਗਲੇ ’ਚ ਫਸਣ ਕਾਰਨ ਮਨੁੱਖਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਪਲਾਸਟਿਕ ਦੀ ਇਹ ਡੋਰ ਗ਼ੈਰ-ਜੈਵਿਕ ਹੈ ਤੇ ਨਾ ਗਲਣ ਕਰ ਕੇ ਸਾਲਾਂ ਤੱਕ ਦਰੱਖਤਾਂ/ਤਾਰਾਂ ਤੇ ਲਟਕੀ ਰਹਿੰਦੀ ਹੈ, ਜਿਸ ਕਾਰਨ ਬਹੁਤ ਸਾਰੇ ਪੰਛੀ ਇਸ ’ਚ ਫਸ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਇਸ ਬੁਰਾਈ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਪਰ ਇਸ ਪ੍ਰਥਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਿਵਲ ਤੇ ਪੁਲਿਸ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ, ਕਿ ਇਹ ਡੋਰ ਬਾਜ਼ਾਰਾਂ ’ਚ ਨਾ ਵਿਕ ਸਕੇ। ਜੇਕਰ ਕੋਈ ਇਸ ਨੂੰ ਵੇਚਦਾ ਪਾਇਆ ਜਾਂਦਾ ਹੈ, ਤਾਂ ਨਾ ਸਿਰਫ਼ ਪੂਰਾ ਸਟਾਕ ਜ਼ਬਤ ਕੀਤਾ ਜਾ ਰਿਹਾ ਹੈ ਬਲਕਿ ਉਸ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਓ ਲੋਹੜੀ ਦੇ ਇਸ ਤਿਉਹਾਰ ਮੌਕੇ ਮਨੁੱਖੀ/ਪੰਛੀ ਜੀਵਨ ਦੀ ਖਾਤਰ ਆਪਣੇ ਜ਼ਿਲ੍ਹੇ ਨੂੰ ਪਲਾਸਟਿਕ ਦੀ ਡੋਰ ਤੋਂ ਮੁਕਤ ਕਰਨ ਦਾ ਪ੍ਰਣ ਕਰੀਏ।