ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ-ਸ਼ਿਫਾਰਿਸ਼ ਦਿੱਤੀਆਂ ਨੌਕਰੀਆਂ: ਚੇਅਰਮੈਨ ਚੀਮਾ
ਹੁਣ ਨੌਕਰੀ ਲਈ ਨਾ ਕਿਸੇ ਸਿਫਾਰਿਸ਼ ਦੀ ਲੋੜ ਹੈ ਤੇ ਨਾ ਹੀ ਕਿਸੇ ਰਿਸ਼ਵਤ ਦੀ, ਸਿਰਫ਼ ਯੋਗਤਾ ਤੇ ਮਿਹਨਤ ਦੀ ਕਦਰ ਹੋ ਰਹੀ ਹੈ।
Publish Date: Sun, 05 Apr 2026 06:21 PM (IST)
Updated Date: Mon, 06 Apr 2026 04:07 AM (IST)
ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੰਜਾਬ ਦੀ ਰਾਜਨੀਤੀ ’ਚ ਇਤਿਹਾਸਕ ਮੋੜ ਆ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਪਿਛਲੇ ਚਾਰ ਸਾਲਾਂ ’ਚ 65,264 ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਨੇ ਕਰਦਿਆਂ ਕਿਹਾ ਕਿ ਇਹ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੇ ਬਿਨਾਂ ਕਿਸੇ ਸਿਫ਼ਾਰਿਸ਼ ਦੇ ਸਿਰਫ਼ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ, ਜੋ ਕਿ ਪੰਜਾਬ ਦੇ ਇਤਿਹਾਸ ’ਚ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਦੌਰਾਨ ਨੌਕਰੀਆਂ ਲਈ ਲੋਕਾਂ ਨੂੰ ਦਰ-ਦਰ ਭਟਕਣਾ ਪੈਂਦਾ ਸੀ, ਪਰ ਮੌਜੂਦਾ ਸਰਕਾਰ ਨੇ ਪਾਰਦਰਸ਼ੀ ਪ੍ਰਣਾਲੀ ਲਾਗੂ ਕਰ ਕੇ ਨੌਜਵਾਨਾਂ ਦਾ ਭਰੋਸਾ ਜਿੱਤਿਆ ਹੈ। ਹੁਣ ਨੌਕਰੀ ਲਈ ਨਾ ਕਿਸੇ ਸਿਫਾਰਿਸ਼ ਦੀ ਲੋੜ ਹੈ ਤੇ ਨਾ ਹੀ ਕਿਸੇ ਰਿਸ਼ਵਤ ਦੀ, ਸਿਰਫ਼ ਯੋਗਤਾ ਤੇ ਮਿਹਨਤ ਦੀ ਕਦਰ ਹੋ ਰਹੀ ਹੈ।
ਉਨ੍ਹਾਂ ਅੰਕੜਿਆਂ ਸਮੇਤ ਦੱਸਿਆ ਕਿ ਸਿੱਖਿਆ ਵਿਭਾਗ ’ਚ 16,380 ਨੌਕਰੀਆਂ, ਬਿਜਲੀ ਵਿਭਾਗ ’ਚ 8,306, ਲੋਕਲ ਬਾਡੀ ਵਿਭਾਗ ’ਚ 5,556, ਪੰਜਾਬ ਪੁਲਿਸ ’ਚ 12,966, ਸਿਹਤ ਵਿਭਾਗ ’ਚ 6,176 ਤੇ ਹੋਰ ਵੱਖ-ਵੱਖ ਵਿਭਾਗਾਂ ’ਚ 15,952 ਨੌਕਰੀਆਂ ਦਿੱਤੀਆਂ ਗਈਆਂ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਹਰ ਖੇਤਰ ’ਚ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ।
ਚੀਮਾ ਨੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਕਰੀਆਂ ਸਿਰਫ ਅੰਕੜੇ ਨਹੀਂ ਸਗੋਂ ਹਜ਼ਾਰਾਂ ਘਰਾਂ ’ਚ ਖ਼ੁਸ਼ਹਾਲੀ ਦੀ ਕਿਰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦਾ ਟੀਚਾ ਹਰ ਘਰ ’ਚ ਰੁਜ਼ਗਾਰ ਪਹੁੰਚਾਉਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸੂਬੇ ’ਚ ਹੀ ਮੌਕੇ ਪ੍ਰਦਾਨ ਕਰਨਾ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਰਕਾਰ ਵੱਲੋਂ ਹੋਰ ਵੱਡੀਆਂ ਭਰਤੀਆਂ ਕੀਤੀਆਂ ਜਾਣਗੀਆਂ ਤੇ ਰੁਜ਼ਗਾਰ ਦੇ ਮੌਕੇ ਹੋਰ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਤਰੱਕੀ ਦੇ ਨਵੇਂ ਯੁੱਗ ’ਚ ਲੈ ਕੇ ਜਾ ਰਹੀ ਹੈ ਤੇ ਨੌਜਵਾਨਾਂ ਦੇ ਸੁਪਨੇ ਸਾਕਾਰ ਕਰ ਰਹੀ ਹੈ।