ਕੇਂਦਰ ਸਰਕਾਰ ਦਾ ਬਜਟ ਆਮ ਲੋਕਾਂ ਲਈ ਨਿਰਾਸ਼ਾਜਨਕ- ਗਰੇਵਾਲ
ਬਜਟ ਵਿਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ
Publish Date: Mon, 02 Feb 2026 04:15 PM (IST)
Updated Date: Tue, 03 Feb 2026 04:05 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ। ਇਸ ਬਜਟ ਵਿਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ’ਤੇ ਸਨ। ਪਰ ਫਿਰ ਵੀ ਪੇਸ਼ ਕੀਤੇ ਬਜਟ ਵਿਚ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਦੇਸ਼ ਦਾ ਕਿਸਾਨ-ਮਜ਼ਦੂਰ ਸੰਕਟ ਵਿਚ ਹੈ ਤੇ ਇਸ ਬਜਟ ਵਿਚ ਕਿਸਾਨਾਂ ਤੇ ਮਜ਼ਦੂਰਾਂ ਲਈ ਕੁਝ ਵੀ ਨਹੀਂ ਰੱਖਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਜਿਆਦਾਤਰ ਹਿੱਸਾ ਬਾਰਡਰ ਨਾਲ ਜੁੜਿਆ ਹੋਇਆ ਹੈ। ਫਿਰ ਵੀ ਪੰਜਾਬ ਨਿਰਾਸ਼ਤਾ ਵੱਲ ਧਕੇਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੀ ਇਸ ਬਜਟ ਵਿਚ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਟੈਕਸ ਛੋਟ ਵਿਚ ਵਾਧਾ ਕੀਤਾ ਗਿਆ ਹੈ। ਇਸ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਵਲੋਂ ਦਾਅਵੇ ਬਹੁਤ ਵੱਡੇ ਕੀਤੇ ਗਏ ਹਨ। ਪਰ ਸਾਡੇ ਦੇਸ਼ ਦੇ ਪੈਸੇ ਦੀ ਕੀਮਤ ਦੂਸਰੇ ਦੇਸ਼ਾਂ ਦੇ ਮੁਕਾਬਲੇ ਨਿੱਘਰਦੀ ਜਾ ਰਹੀ ਹੈ। ਇਸ ਤਰ੍ਹਾਂ ਇਹ ਬਜਟ ਦਿਸਾਹੀਣ, ਦੂਰਦਰਿਸ਼ਟੀਹੀਣ ਤੇ ਲੋਕ ਵਿਰੋਧੀ ਹੈ। ਇਹ ਕਾਰਪੋਰੇਟ ਘਰਾਣਿਆਂ ਪੱਖੀ ਬਜਟ ਹੈ। ==== ਬਜਟ ’ਚ ਆਮ ਆਦਮੀ ਨੂੰ ਨਹੀਂ ਦਿੱਤੀ ਕੋਈ ਰਾਹਤ ਮਾਸਟਰ ਸਤਵਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਸਰਕਾਰ ਨੇ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ। ਨਾ ਤਾਂ ਪੈਟਰੋਲ ਅਤੇ ਨਾਂ ਹੀ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਰਾਹਤ ਨਹੀਂ ਮਿਲੀ। ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ। ਪੁਰਾਣੀ ਪੈਨਸ਼ਨ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਨਕਮ ਟੈਕਸ ਵਿਚ ਵੀ ਕੋਈ ਰਾਹਤ ਨਹੀਂ ਦਿੱਤੀ। ਇਹ ਬਜਟ ਅਮੀਰ ਅਤੇ ਗਰੀਬ ਵਰਗ ਵਿਚ ਹੋਰ ਪਾੜਾ ਪਾਉਣ ਵਾਲਾ ਹੈ।