ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ ਦੋ ਭਰਾਵਾਂ ’ਤੇ ਕੇਸ ਦਰਜ
ਸੈਂਟਰ ’ਚੋਂ ਮਿਲੀਆਂ ਪਾਬੰਦੀਸ਼ੁਦਾ ਗੋਲ਼ੀਆਂ ਦੇ ਚੱਲਦਿਆਂ ਕੇਸ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ
Publish Date: Sat, 17 Jan 2026 04:31 PM (IST)
Updated Date: Sun, 18 Jan 2026 04:04 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਜੰਡੋਕੇ ਸਰਹਾਲੀ ’ਚ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਉਣ ਦੇ ਮਾਮਲੇ ’ਚ ਥਾਣਾ ਸਰਹਾਲੀ ਦੀ ਪੁਲਿਸ ਨੇ ਪੱਟੀ ਵਾਸੀ ਦੋ ਭਰਾਵਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ’ਚੋਂ ਇਕ ਨੂੰ ਪੁਲਿਸ ਨੇ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਜਦੋਂਕਿ ਸੈਂਟਰ ’ਚੋਂ ਮਿਲੀਆਂ ਪਾਬੰਦੀਸ਼ੁਦਾ ਗੋਲ਼ੀਆਂ ਦੇ ਚੱਲਦਿਆਂ ਕੇਸ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੰਡੋਕੇ ਸਰਹਾਲੀ ’ਚ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾਏ ਜਾਣ ਦੀ ਸੂਚਨਾ ਸਿਹਤ ਵਿਭਾਗ ਨੂੰ ਮਿਲੀ ਸੀ। ਜਿਸ ਤੋਂ ਬਾਅਦ ਡੀਐੱਮਸੀ ਡਾ. ਰੂਪਮ ਨੇ ਮਾਮਲਾ ਸਿਵਲ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਤਾਂ ਐੱਸਡੀਐੱਮ ਤਰਨਤਾਰਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਿਹਤ ਤੇ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਉਕਤ ਨਸ਼ਾ ਛੁਡਾਊ ਕੇਂਦਰ ’ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਅਣਮਨੁੱਖੀ ਤਰੀਕੇ ਨਾਲ ਇਕ ਹੀ ਕਮਰੇ ’ਚ ਬੰਦ ਕਰ ਕੇ ਰੱਖੇ 17 ਵਿਅਕਤੀਆਂ ਨੂੰ ਜਿੱਥੇ ਛੁਡਵਾ ਕੇ ਪਿੰਡ ਠਰੂ ’ਚ ਚੱਲਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਭੇਜ ਦਿੱਤਾ ਗਿਆ, ਉੱਥੇ ਹੀ ਸਿਹਤ ਵਿਭਾਗ ਨੇ ਉਕਤ ਕੇਂਦਰ ’ਚੋਂ ਨਸ਼ੇ ਦੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਹਨ। ਜਦੋਂਕਿ ਕੇਂਦਰ ਨੂੰ ਮੌਕੇ ’ਤੇ ਹੀ ਸੀਲ ਕਰਨ ਦੀ ਕਾਰਵਾਈ ਵੀ ਅਮਲ ’ਚ ਲਿਆਂਦੀ ਗਈ। ਐੱਸਡੀਐੱਮ ਗੁਰਮੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਪਤਾ ਲੱਗਾ ਕਿ ਇੱਥੇ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਦੀ ਨਹੀਂ ਬਲਕਿ ਨਸ਼ੇ ਦੀ ਹੀ ਦਵਾਈ ਦਿੱਤੀ ਜਾ ਰਹੀ ਸੀ। ਜਦੋਂਕਿ ਕੇਂਦਰ ਚਲਾਉਣ ਵਾਲੇ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਰੀਜ਼ ਵਸੂਲ ਰਹੇ ਸਨ। ਬਿਨਾ ਡਾਕਟਰ ਤੋਂ ਚੱਲ ਰਹੇ ਉਕਤ ਕੇਂਦਰ ’ਚੋਂ 17 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ। ਡੀਐੱਮਸੀ ਡਾ. ਰੂਪਮ ਨੇ ਦੱਸਿਆ ਕਿ ਕੇਂਦਰ ’ਚ ਰਹੇ ਇਕ ਵਿਅਕਤੀ ਦੀ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਤੇ ਛਾਪੇਮਾਰੀ ਦੌਰਾਨ ਉਕਤ ਕੇਂਦਰ ਗ਼ੈਰ-ਕਾਨੂੰਨੀ ਢੰਗ ਨਾਲ ਚੱਲਦਾ ਪਾਇਆ ਗਿਆ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੇਂਦਰ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਐੱਨਡੀਪੀਐੱਸ ਐਕਟ ਅਧੀਨ ਆਉਂਦੀਆਂ ਹਨ। ਜਿਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ 67 ਗੋਲ਼ੀਆਂ ਕਬਜ਼ੇ ’ਚ ਲਈਆਂ ਗਈਆਂ ਹਨ ਤੇ ਸੇਫ ਲਾਈਫ ਫਾਊਂਡੇਸ਼ਨ ਸੈਂਟਰ ਨਾਮਕ ਉਕਤ ਕੇਂਦਰ ਨੂੰ ਚਲਾਉਣ ਵਾਲੇ ਬਲਵਿੰਦਰ ਸਿੰਘ ਅਤੇ ਸਾਰਜ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਗਾਰਡਨ ਕਾਲੋਨੀ ਪੱਟੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸਾਰਜ ਸਿੰਘ ਨੂੰ ਕੇਂਦਰ ’ਚੋਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।