ਸਰਹੱਦ ’ਤੇ ਤਾਇਨਾਤ ਬੀਐੱਸਐੱਫ਼ ਨੇ ਇਕ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ, ਲਾਸ਼ ਕੋਲੋਂ ਕੁਝ ਸ਼ੱਕੀ ਸਾਮਾਨ ਮਿਲਿਆ
ਪਾਕਿਸਤਾਨ ਵਲੋਂ ਡ੍ਰੋਨਾਂ ਤੇ ਹੋਰ ਤਰੀਕਿਆਂ ਨਾਲ ਹੈਰੋਇਨ ਤਸਕਰੀ ਦੀਆਂ ਘਟਨਾਵਾਂ ’ਚ ਲਗਾਤਾਰ ਜਿਥੇ ਵਾਧਾ ਹੋ ਰਿਹਾ ਹੈ। ਉਥੇ ਹੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਵੀ ਮੁਸਤੈਦੀ ਰੱਖੀ ਜਾ ਰਹੀ ਹੈ ਤਾਂ ਜੋ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ। ਲੰਘੀ ਰਾਤ ਖੇਮਕਰਨ ਦੇ ਸਰਹੱਦੀ ਖੇਤਰ ’ਚ ਸਰੱਦੀ ਚੌਂਕੀ ਕਾਲੀਆ ਤੇ ਨੂਰ ਵਾਲਾ ਦੇ ਦਰਮਿਆਨ ਬੀਐੱਸਐੱਫ਼ ਦੀ 142 ਬਟਾਲੀਅਨ ਦੇ ਜਵਾਨਾਂ ਨੇ ਕੌਮੀ ਸਰਹੱਦ ਪਾਰ ਕਰਕੇ ਕੰਡਿਆਲੀ ਤਾਰ ਦੇ ਨਜ਼ਦੀਕ ਪਹੁੰਚ ਕੇ ਹੈਰੋਇਨ ਤਸਕਰੀ ਦੀ ਕੋਸ਼ਿਸ਼ ਕਰਦੇ ਪਾਕਿਸਤਾਨੀ ਘੁਸਪੈਠੀਏ ਤਸਕਰ ਨੂੰ ਢੇਰ ਕਰ ਦਿੱਤਾ।
Publish Date: Tue, 10 Mar 2026 08:55 PM (IST)
Updated Date: Tue, 10 Mar 2026 08:58 PM (IST)

ਰਾਜਨ ਚੋਪੜਾ•ਪੰਜਾਬੀ ਜਾਗਰਣ, ਭਿੱਖੀਵਿੰਡ : ਪਾਕਿਸਤਾਨ ਵਲੋਂ ਡ੍ਰੋਨਾਂ ਤੇ ਹੋਰ ਤਰੀਕਿਆਂ ਨਾਲ ਹੈਰੋਇਨ ਤਸਕਰੀ ਦੀਆਂ ਘਟਨਾਵਾਂ ’ਚ ਲਗਾਤਾਰ ਜਿਥੇ ਵਾਧਾ ਹੋ ਰਿਹਾ ਹੈ। ਉਥੇ ਹੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਵੀ ਮੁਸਤੈਦੀ ਰੱਖੀ ਜਾ ਰਹੀ ਹੈ ਤਾਂ ਜੋ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ। ਲੰਘੀ ਰਾਤ ਖੇਮਕਰਨ ਦੇ ਸਰਹੱਦੀ ਖੇਤਰ ’ਚ ਸਰੱਦੀ ਚੌਂਕੀ ਕਾਲੀਆ ਤੇ ਨੂਰ ਵਾਲਾ ਦੇ ਦਰਮਿਆਨ ਬੀਐੱਸਐੱਫ਼ ਦੀ 142 ਬਟਾਲੀਅਨ ਦੇ ਜਵਾਨਾਂ ਨੇ ਕੌਮੀ ਸਰਹੱਦ ਪਾਰ ਕਰਕੇ ਕੰਡਿਆਲੀ ਤਾਰ ਦੇ ਨਜ਼ਦੀਕ ਪਹੁੰਚ ਕੇ ਹੈਰੋਇਨ ਤਸਕਰੀ ਦੀ ਕੋਸ਼ਿਸ਼ ਕਰਦੇ ਪਾਕਿਸਤਾਨੀ ਘੁਸਪੈਠੀਏ ਤਸਕਰ ਨੂੰ ਢੇਰ ਕਰ ਦਿੱਤਾ। ਮਾਰੇ ਗਏ ਘੁਸਪੈਠੀਏ ਦੀ ਲਾਸ਼ ਕੋਲੋਂ ਕੁਝ ਸ਼ੱਕੀ ਸਮਾਨ ਵੀ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੌਰਾਨ ਕੁਝ ਹੋਰ ਪਾਕਿਸਤਾਨੀ ਤਸਕਰ ਪਿੱਛੇ ਭੱਜ ਗਏ। ਫਿਲਹਾਲ ਸਬੰਧਤ ਥਾਣਾ ਵਲਟੋਹਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਲਾਸ਼ ਨੂੰ ਕਬਜ਼ੇ ’ਚ ਲੈਂਦਿਆਂ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪੱਟੀ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ। ਬੀਐੱਸਐਫ਼ ਤੇ ਪੁਲਿਸ ਜਾਂਚ ’ਚ ਜੁਟ ਗਈ ਹੈ। ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਵੀ ਇਸੇ ਥਾਂ ਦੇ ਨਜ਼ਦੀਕ ਇਕ ਪਾਕਿਸਤਾਨੀ ਤਸਕਰ ਨੂੰ ਵੱਡੀ ਮਾਤਰਾ ’ਚ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸਰਹੱਦ ’ਤੇ ਡ੍ਰੋਨਾਂ ਦੀ ਹਲਚਲ ਦੀਆਂ ਘਟਨਾਵਾਂ ਵੀ ਬਹੁਤ ਤੇਜ਼ ਹੋਈਆਂ ਹਨ ਤੇ ਅਕਸਰ ਸਰਹੱਦ ਪਾਰੋਂ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਣਕ ਦੀ ਕਟਾਈ ਤੋਂ ਪਹਿਲਾਂ ਜਿਆਦਾ ਤੋਂ ਜਿਆਦਾ ਸਮਾਨ ਇੱਧਰ ਭੇਜਿਆ ਸਕੇ।