- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ’ਚ ਕੁਝ ਅਜਿਹੀਆਂ ਥਾਵਾਂ ਹਨ, ਜੋ ਧੁੰਦ ਦੌਰਾਨ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ। ਖ਼ਾਸ ਕਰ ਕੇ ਕੁਝ ਬਰਸਾਤੀ ਨਾਲਿਆਂ ਦੇ ਪੁਲ਼ਾ ’ਤੇ ਟੁੱਟੀ ਰੇਲਿੰਗ।

ਜਸਪਾਲ ਜੱਸੀ/ਗੁਰਪ੍ਰੀਤ ਕੱਦਗਿੱਲ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ’ਚ ਇਸ ਵੇਲੇ ਸੰਘਣੀ ਧੁੰਦ ਦਾ ਮੌਸਮ ਚੱਲ ਰਿਹਾ ਹੈ। ਇਕ ਪਾਸੇ ਜਿੱਥੇ ਸ਼ਾਮ ਹੁੰਦਿਆਂ ਹੀ ਧੁੰਦ ਅਸਰ ਦਿਖਾਉਣ ਲੱਗਦੀ ਹੈ, ਉੱਥੇ ਹੀ ਸਵੇਰ ਚੜ੍ਹਨ ਤੱਕ ਧੁੰਦ ਦਾ ਅਸਰ ਸਾਫ ਦਿਖਾਈ ਦਿੰਦਾ ਹੈ। ਹਾਲਾਂਕਿ ਦੋ ਦਿਨ ਤੋਂ ਲੱਗ ਰਹੀ ਧੁੱਪ ਨੇ ਲੋਕਾਂ ਨੂੰ ਠੰਢ ਤੋਂ ਰਾਹਤ ਦਿੱਤੀ ਹੈ। ਪਰ ਧੁੰਦ ਦਾ ਪ੍ਰਭਾਵ ਵੀ ਨਾਲ ਹੀ ਚੱਲ ਰਿਹਾ ਹੈ। ਜਿਸ ਕਾਰਨ ਲੋਕ ਪਰੇਸ਼ਾਨ ਹਨ। ਪਰ ਨਾਲ ਹੀ ਤਰਨਤਾਰਨ ’ਚ ਕੁਝ ਅਜਿਹੀਆਂ ਥਾਵਾਂ ਹਨ, ਜੋ ਧੁੰਦ ਦੌਰਾਨ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ। ਖ਼ਾਸ ਕਰ ਕੇ ਕੁਝ ਬਰਸਾਤੀ ਨਾਲਿਆਂ ਦੇ ਪੁਲ਼ਾ ’ਤੇ ਟੁੱਟੀ ਰੇਲਿੰਗ।
ਤਰਨਤਾਰਨ ਸ਼ਹਿਰ ਤੋਂ ਝਬਾਲ ਵੱਲ ਜਾਂਦਿਆਂ ਕੁਸ਼ਟ ਆਸ਼ਰਮ ਤੋਂ ਅੱਗੇ ਕਸੂਰ ਨਾਲਾ ਸੜਕ ਦੇ ਆਰ-ਪਾਰ ਹੁੰਦਾ ਹੈ। ਇਸ ਨਾਲੇ ਦੇ ਉੱਪਰ ਉਸਾਰੇ ਗਏ ਪੁਲ਼ ਦੇ ਦੋਵੇਂ ਪਾਸੇ ਲੋਹੇ ਦੀ ਰੇਲਿੰਗ ਲੱਗੀ ਹੋਈ ਸੀ। ਪਰ ਹੁਣ ਇਹ ਰੇਲਿੰਗ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਇਹ ਹਾਦਸਿਆਂ ਕਾਰਨ ਟੁੱਟੀ ਹੈ ਜਾਂ ਨਸ਼ੇੜੀਆਂ ਵੱਲੋਂ ਚੋਰੀ ਕੀਤੀ ਗਈ, ਇਸ ਬਾਰੇ ਤਾਂ ਸਪਸ਼ਟ ਨਹੀਂ ਕਿਹਾ ਜਾ ਸਕਦਾ। ਪਰ ਇਹ ਰੇਲਿੰਗ ਇਸ ਵੇਲੇ ਹਾਦਸਿਆਂ ਨੂੰ ਸੱਦਾ ਜ਼ਰੂਰ ਦੇ ਰਹੀ ਹੈ। ਕਿਉਂਕਿ ਮੌਜੂਦਾ ਧੁੰਦ ਦੇ ਮੌਸਮ ਦੌਰਾਨ ਕਿਸੇ ਵੇਲੇ ਵੀ ਕੋਈ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਹ ਰੇਲਿੰਗ ਪਹਿਲਾਂ ਵੀ ਕਈ ਵਾਰ ਇੱਥੋਂ ਟੁੱਟ ਚੁੱਕੀ ਹੈ ਤੇ ਇਸ ਵੇਲੇ ਇਸ ਦੀ ਖ਼ਸਤਾ ਹਾਲਤ ਦੇ ਨਾਲ-ਨਾਲ ਕਈ ਥਾਵਾਂ ਤੋਂ ਬਿਲਕੁਲ ਗ਼ਾਇਬ ਵੀ ਹੈ।
ਇਸੇ ਤਰ੍ਹਾਂ ਕਸਬਾ ਝਬਾਲ ਤੋਂ ਅਟਾਰੀ ਰੋਡ ’ਤੇ ਚੜ੍ਹਦਿਆਂ ਹੀ ਬਰਸਾਤੀ ਨਾਲ ਆਉਂਦਾ ਹੈ। ਇਸ ਦੇ ਪੁਲ਼ ’ਤੇ ਵੀ ਲੋਹੇ ਦੀ ਲੱਗੀ ਰੇਲਿੰਗ ਕਈ ਥਾਵਾਂ ਤੋਂ ਗ਼ਾਇਬ ਹੈ। ਜਿਸ ਦੇ ਚੱਲਦਿਆਂ ਇਹ ਪੁਲ਼ ਕਈ ਥਾਵਾਂ ਤੋਂ ਬਿਨਾ ਕਿਨਾਰੇ ਦੇ ਹੋ ਚੁੱਕਾ ਹੈ ਅਤੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਝਬਾਲ ਦੇ ਇਸ ਪੁਲ਼ ਦੀ ਗੱਲ ਕਰੀਏ ਤਾਂ ਇਸ ਦੇ ਦੋਵੇਂ ਪਾਸੇ ਦੀ ਰੇਲਿੰਗ ਦਾ ਵੱਡਾ ਹਿੱਸਾ ਗ਼ਾਇਬ ਹੈ। ਜਦੋਂਕਿ ਪੁਲ਼ ’ਤੇ ਨਵੀਂ ਸੜਕ ਦਾ ਨਿਰਮਾਣ ਵੀ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦਿਆਂ ਸੁਭਾਵਿਕ ਹੀ ਇੱਥੋਂ ਵਾਹਨ ਤੇਜ਼ ਰਫ਼ਤਾਰ ਨਾਲ ਲੰਘਣਗੇ।
ਦੂਜਾ ਧੁੰਦ ਦੌਰਾਨ ਇਹ ਬਿਨਾਂ ਰੇਲਿੰਗ ਵਾਲਾ ਪੁਲ਼ ਕਿਸੇ ਵੇਲੇ ਵੀ ਵਾਹਨ ਚਾਲਕਾਂ ਲਈ ਹਾਦਸੇ ਦਾ ਸਬੱਬ ਬਣ ਸਕਦਾ ਹੈ। ਰਾਹਗੀਰਾਂ ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ ਨੇ ਕਿਹਾ ਕਿ ਅਜਿਹੇ ਕਈ ਪੁਲ਼ ਹਨ, ਜਿਨ੍ਹਾਂ ਦੀ ਰੇਲਿੰਗ ਨਾ ਹੋਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਲੋਹੇ ਦੀ ਰੇਲਿੰਗ ਮਜ਼ਬੂਤ ਜਾਂ ਟਿਕਾਊ ਨਹੀਂ ਰਹਿੰਦੀ ਤਾਂ ਇੱਥੇ ਸੀਮੰਟ ਦੇ ਮਜ਼ਬੂਤ ਕਿਨਾਰੇ ਬਣਾ ਦੇਣੇ ਚਾਹੀਦੇ ਹਨ, ਤਾਂ ਜੋ ਕਿਸੇ ਕੀਮਤੀ ਜਾਨ ਦਾ ਨੁਕਸਾਨ ਨਾ ਹੋਵੇ।
====
ਪੁਲ਼ਾਂ ਦੀ ਰੇਲਿੰਗ ਨਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ
ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਪੁਲ਼ਾਂ ’ਤੇ ਰੇਲਿੰਗ ਦਾ ਨੁਕਸਾਨ ਹੋ ਚੁੱਕਾ ਹੈ। ਹਾਦਸਿਆਂ ਕਾਰਨ ਵੀ ਰੇਲਿੰਗ ਟੁੱਟ ਜਾਂਦੀ ਹੈ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਪੁਲ਼ਾਂ ਦੀ ਸਮੇਂ-ਸਮੇਂ ’ਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਨਾ ਹੋਣ। ਹਰਪਾਲ ਸਿੰਘ ਨੇ ਕਿਹਾ ਕਿ ਇਸ ਵੇਲੇ ਧੁੰਦਾਂ ਦਾ ਮੌਸਮ ਚੱਲ ਰਿਹਾ ਹੈ ਤੇ ਰਾਤ ਜਾਂ ਤੜਕਸਾਰ ਧੁੰਦ ਦਾ ਅਸਰ ਵਧੇਰੇ ਹੁੰਦਾ ਹੈ। ਅਜਿਹੇ ’ਚ ਬਿਨਾਂ ਰੇਲਿੰਗ ਵਾਲੇ ਪੁਲ਼ ਖ਼ਤਰਨਾਕ ਸਾਬਤ ਹੋ ਸਕਦੇ ਹਨ।
=====
ਸੜਕਾਂ ਦੇ ਨਿਰਮਾਣ ਦੇ ਨਾਲ ਪੁਲ਼ਾਂ ਦੇ ਕੰਢੇ ਵੀ ਬਣਾਏ ਜਾਣ : ਮੇਜਰ ਸਿੰਘ
ਸਮਾਜ ਸੇਵੀ ਮੇਜਰ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਸੜਕਾਂ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਇਹ ਸੜਕਾਂ ਉਨ੍ਹਾਂ ਪੁਲ਼ਾਂ ਦੇ ਉੱਪਰ ਵੀ ਬਣ ਜਾਂਦੀਆਂ ਹਨ, ਜਿਨ੍ਹਾਂ ਦੀ ਰੇਲਿੰਗ ਨਹੀਂ ਹੁੰਦੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦੇ ਨਿਰਮਾਣ ਦਾ ਟੈਂਡਰ ਲਾਉਣ ਸਮੇਂ ਬਣਨ ਵਾਲੀ ਸੜਕ ’ਤੇ ਪੈਂਦੇ ਪੁਲ਼ਾਂ ਦੀ ਮੁਰੰਮਤ ਦੀ ਲਾਗਤ ਵੀ ਸ਼ਾਮਲ ਕਰੇ। ਕਿਉਂਕਿ ਕਈ ਅਜਿਹੇ ਪੁਲ਼ ਹਨ, ਜਿਨ੍ਹਾਂ ਦੀ ਰੇਲਿੰਗ ਟੁੱਟ ਚੁੱਕੀ ਹੈ। ਪਰ ਸੜਕਾਂ ਇੱਥੇ ਬਹੁਤ ਵਧੀਆ ਬਣੀਆਂ ਹੋਈਆਂ ਹਨ।