ਖਡੂਰ ਸਾਹਿਬ ਹਲਕੇ ’ਚ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ
ਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਿਰਫ਼ ਰਾਜਨੀਤੀ ਕੀਤੀ ਹੈ, ਜਿਸ ਨਾਲ ਪੰਜਾਬ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਹੋਇਆ
Publish Date: Mon, 30 Mar 2026 05:39 PM (IST)
Updated Date: Tue, 31 Mar 2026 04:07 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਅਧੀਨ ਆਉਂਦੇ ਪਿੰਡਾਂ ’ਚ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰ ਮਿਲਣੀਆਂ ਦੀ ਲੜੀ ਲਗਾਤਾਰ ਜਾਰੀ ਹੈ। ਇਸ ਤਹਿਤ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਿੰਡ ਮੰਡਾਲਾ ਵਿਖੇ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਕੀਤੀ ਗਈ। ਇਸ ਮੌਕੇ ਬ੍ਰਹਮਪੁਰਾ ਨੇ ਦੱਸਿਆ ਕਿ ਹੁਣ ਤਕ ਹਲਕਾ ਖਡੂਰ ਸਾਹਿਬ ਦੇ ਲਗਭਗ 60 ਪਿੰਡਾਂ ’ਚ ਵਰਕਰ ਮਿਲਣੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਿਰਫ਼ ਰਾਜਨੀਤੀ ਕੀਤੀ ਹੈ, ਜਿਸ ਨਾਲ ਪੰਜਾਬ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਹੋਇਆ, ਸਗੋਂ ਰਾਜ ਦਾ ਨੁਕਸਾਨ ਹੀ ਵਧਿਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀਆਂ ਸਕੀਮਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 10 ਲੱਖ ਦੇ ਇਲਾਜ ਕਾਰਡ ਦੀ ਵੱਡੀ ਮਸ਼ਹੂਰੀ ਕੀਤੀ ਗਈ, ਪਰ ਜਦੋਂ ਲੋਕਾਂ ਨੂੰ ਇਸ ਦਾ ਲਾਭ ਲੈਣਾ ਪਿਆ ਤਾਂ ਇਹ ਸਿਰਫ਼ ਕਾਗਜ਼ੀ ਸਾਬਿਤ ਹੋਇਆ ਤੇ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਸਕੀ। ਬ੍ਰਹਮਪੁਰਾ ਨੇ ਵਰਕਰਾਂ ਨੂੰ ਪਿੰਡ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪੱਖੋਂ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਮੀਤ ਪ੍ਰਧਾਨ ਦਲਬੀਰ ਸਿੰਘ ਜਹਾਂਗੀਰ ਤੇ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਜਿਸ ਦਾ ਕੰਟਰੋਲ ਪੰਜਾਬ ਦੇ ਲੋਕਾਂ ਕੋਲ ਹੈ, ਜਦਕਿ ਹੋਰ ਪਾਰਟੀਆਂ ਦਾ ਫ਼ੈਸਲਾ ਕੇਂਦਰ ਦਿੱਲੀ ’ਚ ਹੈ। ਇਸ ਮੌਕੇ ਮੇਜਰ ਸਿੰਘ, ਜਸਬੀਰ ਸਿੰਘ, ਦਿਲਬਾਗ਼ ਸਿੰਘ ਨੰਬਰਦਾਰ, ਹਰਜੋਤ ਸਿੰਘ, ਦਲਬੀਰ ਸਿੰਘ, ਹਰਕੀਰਤ ਸਿੰਘ, ਸੁਖਦੇਵ ਸਿੰਘ, ਦਰਬਾਰਾ ਸਿੰਘ, ਕੁਲਬੀਰ ਸਿੰਘ, ਲਖਬੀਰ ਸਿੰਘ, ਦਵਿੰਦਰ ਸਿੰਘ ਮੈਂਬਰ ਪੰਚਾਇਤ, ਅਜੀਤ ਸਿੰਘ, ਲਾਲ ਸਿੰਘ ਆਦਿ ਹਾਜ਼ਰ ਸਨ।