ਭ੍ਰਿਸ਼ਟਾਚਾਰ ਦੇ ਦੋਸ਼ ’ਚ ਬੀਪੀਈਓ ਮਰਹਾਵਾ ਮੁਅੱਤਲ
ਭ੍ਰਿਸ਼ਟਾਚਾਰ ਦੇ ਦੋਸ਼ ’ਚ ਬਲਾਕ ਨੌਸ਼ਹਿਰਾ ਪਨੂੰਆਂ ਦਾ ਬੀਪੀਈਓ ਮਰਹਾਵਾ ਮੁਅੱਤਲ
Publish Date: Thu, 19 Feb 2026 08:20 PM (IST)
Updated Date: Fri, 20 Feb 2026 04:10 AM (IST)

ਚੰਡੀਗੜ੍ਹ ਬਣਾਇਆ ਹੈੱਡ ਕੁਆਰਟਰ, ਅਧਿਆਪਕਾਂ ਨੇ ਲਗਾਇਆ ਸੀ ਧਰਨਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਬਲਾਕ ਨੌਸ਼ਹਿਰਾ ਪਨੂੰਆਂ ਦੇ ਬੀਪੀਈਓ ਅਸ਼ਵਨੀ ਮਰਵਾਹਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਉਕਤ ਬੀਈਈਓ ਵਿਰੁੱਧ ਅਧਿਆਪਕ ਐਕਸ਼ਨ ਕਮੇਟੀ ਨੇ ਡੀਈਓ ਦਫਤਰ ਅੱਗੇ ਸੋਮਵਾਰ ਨੂੰ ਧਰਨਾ ਲਗਾ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ। ਅਧਿਆਪਕ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ਉਕਤ ਅਧਿਕਾਰੀ ਵੱਲੋਂ ਪਿਛਲੇ ਦੋ ਸਾਲ ਤੋਂ ਵੱਖ-ਵੱਖ ਤਰੀਕਿਆਂ ਨਾਲ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਕੇ ਉਨ੍ਹਾਂ ਕੋਲੋਂ ਜਬਰੀ ਪੈਸੇ ਮੰਗੇ ਜਾਂਦੇ ਹਨ। ਜਦੋਂਕਿ ਸਕੂਲ ’ਚ ਵਰਤੀਆਂ ਜਾਂਦੀਆਂ ਗ੍ਰਾਂਤਾ, ਤਨਖਾਹਾਂ, ਸਲਾਨਾ ਤਰੱਕੀਆਂ ਲਗਾਉਣਾ, ਮੈਡੀਕਲ ਕਲੇਮ ’ਤੇ ਦਸਤਖਤ ਕਰਨਾ, ਐਡਸਟਮੈਂਟਾਂ ਕਰਨਾ ਅਤੇ ਅਧਿਆਪਕਾਂ ਦੇ ਕਿਸੇ ਵੀ ਤਰ੍ਹਾਂ ਦੇ ਦਫਤਰੀ ਕੰਮ ਨੂੰ ਬਿਨਾ ਪੈਸੇ ਦੇ ਨਹੀਂ ਕੀਤਾ ਜਾਂਦਾ। ਜਿਸਦੇ ਚੱਲਦਿਆਂ ਅਧਿਆਪਕ ਭਾਰੀ ਮਾਨਸਿਕ ਅਤੇ ਆਰਥਿਕ ਤਣਾਅ ਵਿੱਚੋਂ ਲੰਘ ਰਹੇ ਹਨ। ਉਧਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਬਲਾਕ ਨੌਸ਼ਹਿਰਾ ਪਨੂੰਆਂ ਦੇ ਬੀਪੀਈਓ ਅਸ਼ਵਨੀ ਮਰਵਾਹਾ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ ਵੱਲੋਂ ਜਾਰੀ ਆਦੇਸ਼ਾਂ ’ਚ ਲਿਖਿਆ ਗਿਆ ਹੈ ਕਿ ਬਲਾਕ ਨੌਸ਼ਹਿਰਾ ਪਨੂੰਆਂ ਦੇ 40 ਅਧਿਆਪਕਾਂ ਵੱਲੋਂ ਅਸ਼ਵਨੀ ਮਰਵਾਹਾ ’ਤੇ ਗੰਭੀਰ ਦੋਸ਼ ਲਗਾਉਂਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਜਿਸ ਵਿਚ ਮਰਵਾਹਾ ਵੱਲੋਂ ਸ਼ੋਸ਼ਲ ਮੀਡੀਆ ਉੱਤੇ ਅਧਿਆਪਕਾਂ ਦੇ ਇੰਕਰੀਮੈਂਟ ਲਗਾਉਣ ਅਤੇ ਸਕੂਲ ਦੇ ਕਮਰਿਆਂ ਨੂੰ ਰੰਗ ਰੋਗਨ ਕਰਨ ਵਿਚ ਕਮਿਸ਼ਨ ਦੇ ਰੂਪ ਵਿਚ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਇਹ ਗੰਭੀਰ ਕੁਤਾਹੀ ਅਤੇ ਅਨੁਸ਼ਾਸ਼ਨਹੀਣਤਾ ਹੈ। ਜਿਸਦੇ ਚੱਲਦਿਆਂ ਬੀਪੀਈਓ ਨੌਸ਼ਹਿਰਾ ਪਨੂੰਆਂ ਅਸ਼ਵਨੀ ਮਰਵਾਹਾ ਨੂੰ ਪੰਜਾਬ ਸਿਵਲ ਸੇਵਾਵਾਂ ਸਜਾ ਤੇ ਅਪੀਲ ਨਿਯਮ ਦੇ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਇਸ ਦੌਰਾਨ ਮਰਵਾਹਾ ਨੂੰ ਨਿਯਮਾਂ ਅਨੁਸਾਰ ਬਣਦਾ ਗੁਜ਼ਾਰਾ ਭੱਤਾ ਮਿਲੇਗਾ ਅਤੇ ਮੁਅੱਤਲੀ ਦੌਰਾਨ ਅਸ਼ਵਨੀ ਮਰਵਾਹਾ ਦਾ ਹੈੱਡਕੁਆਰਟਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਫਤਰ ਗੁਰਦਾਸਪੁਰ ਹੋਵੇਗਾ ਅਤੇ ਇਹ ਕਰਮਚਾਰੀ ਡੀਈਓ ਐਲੀਮੈਂਟਰੀ ਗੁਰਦਾਸਪੁਰ ਦੀ ਪ੍ਰਵਾਨਗੀ ਤੋਂ ਬਿਨਾ ਹੈਡ ਕੁਆਰਟਰ ਨਹੀਂ ਛੱਡੇਗਾ। ਦੂਜੇ ਪਾਸੇਵੱਖ-ਵੱਖ ਜਥੇਬੰਦੀਆਂ ਦੇ ਆਗੂ ਪ੍ਰਭਜੋਤ ਸਿੰਘ ਗੋਹਲਵੜ, ਗੁਰਵਿੰਦਰ ਸਿੰਘ ਬੱਬੂ, ਸੁਖਵਿੰਦਰ ਸਿੰਘ ਧਾਮੀ, ਗੁਰਪ੍ਰੀਤ ਸਿੰਘ ਸਿੱਧੂ, ਬਲਜੀਤ ਸਿੰਘ ਟੌਮ, ਕਵਲਜੀਤ ਸਿੰਘ ਭੱਠਲ, ਰਵਿੰਦਰ ਕੰਬੋਜ, ਗੁਰਕਿਰਪਾਲ ਸਿੰਘ, ਐਕਸ਼ਨ ਕਮੇਟੀ ਦੇ ਮੈਂਬਰ ਹਰਪਾਲ ਸਿੰਘ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ ਕਲੇਰ, ਕੁਲਦੀਪਕ ਸਿੰਘ ਆਦਿ ਨੇ ਵਿਭਾਗ ਵੱਲੋਂ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ।