- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਹਲਕੇ ਦੀ ਸਿਆਸਤ ‘ਚ ਵੱਡੀ ਹਲਚਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੁੜ ਹੋਏ ਸਰਗਰਮ, ਵਧੀ ਚਰਚਾ

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਹਲਕੇ ਦੀ ਸਿਆਸਤ ’ਚ ਇਸ ਸਮੇਂ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ, ਕਿਉਂਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲੰਮੇ ਸਮੇਂ ਬਾਅਦ ਮੁੜ ਹਲਕੇ ’ਚ ਸਰਗਰਮ ਹੋ ਗਏ ਹਨ। ਉਨ੍ਹਾਂ ਦੀ ਇਹ ਸਰਗਰਮੀ ਸਿਆਸੀ ਮੰਚ ’ਤੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਰਹੀ ਹੈ ਤੇ ਵੱਖ-ਵੱਖ ਧਿਰਾਂ ’ਚ ਕਾਫ਼ੀ ਹਲਚਲ ਪੈਦਾ ਹੋ ਗਈ ਹੈ। ਆਦੇਸ਼ ਪ੍ਰਤਾਪ ਕੈਰੋਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਹਲਕੇ ਦੇ ਲੋਕਾਂ ਨਾਲ ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜਿੱਥੇ ਉਹ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਕੈਰੋਂ ਕੋਠੀ ਹਰ ਨਿਹਾਲ ਭਵਨ ਵਿਖੇ ਲੋਕਾਂ ਦਾ ਤਾਂਤਾ ਲੱਗਾ ਹੋਇਆ। ਕੈਰੋਂ ਲੋਕਾਂ ਦੀਆਂ ਜਨਤਕ ਮੁਸ਼ਕਿਲਾਂ ਸੁਣ ਰਹੇ ਹਨ। ਜਿੱਥੇ ਪੱਟੀ ਹਲਕੇ ਦੇ ਸਾਬਕਾ ਕੌਂਸਲਰ ਤੇ ਪੰਚ, ਸਰਪੰਚ ਵੀ ਹਾਜ਼ਰ ਹੋਏ। ਉਨ੍ਹਾਂ ਦੀ ਵਾਪਸੀ ਨਾਲ ਸਥਾਨਕ ਪੱਧਰ ’ਤੇ ਸਿਆਸੀ ਗਤੀਵਿਧੀਆਂ ’ਚ ਤੇਜ਼ੀ ਆ ਗਈ ਹੈ। ਖ਼ਾਸ ਗੱਲ ਇਹ ਹੈ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪਿਛਲੇ ਲਗਭਗ 20 ਸਾਲ ਤੱਕ ਲਗਾਤਾਰ ਵਿਧਾਇਕ ਰਹੇ ਹਨ ਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਲਕੇ ’ਚ ਬੇਮਿਸਾਲ ਵਿਕਾਸੀ ਕੰਮ ਕਰਵਾਏ ਸਨ। ਸੜਕਾਂ, ਬੁਨਿਆਦੀ ਢਾਂਚੇ ਤੇ ਲੋਕ ਭਲਾਈ ਦੇ ਪ੍ਰੋਜੈਕਟਾਂ ਨੂੰ ਲੈ ਕੇ ਉਨ੍ਹਾਂ ਦੀ ਕਾਰਗੁਜ਼ਾਰੀ ਅੱਜ ਵੀ ਚਰਚਾ ’ਚ ਰਹਿੰਦੀ ਹੈ।
ਇਹ ਵੀ ਗੌਰਤਲਬ ਹੈ ਕਿ ਕੈਰੋਂ ਪਰਿਵਾਰ ਸਰਕਾਰ ’ਚ ਨਾ ਹੋਣ ਦੇ ਬਾਵਜੂਦ ਹਮੇਸ਼ਾ ਹਲਕੇ ਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਦਾ ਆ ਰਿਹਾ ਹੈ। ਲੋਕਾਂ ’ਚ ਇਹ ਧਾਰਨਾ ਬਣੀ ਹੋਈ ਹੈ ਕਿ ਕੈਰੋਂ ਪਰਿਵਾਰ ਨਾਲ ਸਿੱਧਾ ਸੰਪਰਕ ਕਰਨ ’ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕੈਰੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ, ਪਰ ਮੌਜੂਦਾ ਸਮੇਂ ’ਚ ਉਹ ਅਕਾਲੀ ਦਲ ਤੋਂ ਵੱਖਰੇ ਹੋ ਕੇ ਆਪਣੀ ਅਲੱਗ ਰਾਜਨੀਤਿਕ ਲਾਈਨ ’ਤੇ ਅੱਗੇ ਵੱਧ ਰਹੇ ਹਨ। ਇਸ ਕਰ ਕੇ ਉਨ੍ਹਾਂ ਦੀ ਹਰ ਕਦਮ ’ਤੇ ਸਿਆਸੀ ਵਿਸ਼ਲੇਸ਼ਕਾਂ ਦੀ ਨਜ਼ਰ ਟਿਕੀ ਹੋਈ ਹੈ।
ਇੱਥੇ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਕੈਰੋਂ ਦੀ ਇਹ ਨਵੀਂ ਸਰਗਰਮੀ ਆਉਣ ਵਾਲੇ ਸਮੇਂ ’ਚ ਪੱਟੀ ਹਲਕੇ ਦੀ ਸਿਆਸਤ ਨੂੰ ਨਵਾਂ ਰੁੱਖ ਦੇ ਸਕਦੀ ਹੈ। ਉਨ੍ਹਾਂ ਦੀ ਵਾਪਸੀ ਨਾਲ ਨਾ ਸਿਰਫ਼ ਸਿਆਸੀ ਮੁਕਾਬਲਾ ਤੇਜ਼ ਹੋਵੇਗਾ, ਸਗੋਂ ਵੋਟਰਾਂ ’ਚ ਵੀ ਨਵੀਂ ਚੇਤਨਾ ਪੈਦਾ ਹੋ ਸਕਦੀ ਹੈ। ਕੈਰੋਂ ਦੀ ਮੁੜ ਸਰਗਰਮੀ ਨੇ ਪੱਟੀ ਦੀ ਸਿਆਸਤ ਨੂੰ ਇਕ ਵੱਡੇ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਤੇ ਆਉਣ ਵਾਲੇ ਦਿਨਾਂ ’ਚ ਇਸ ਦੇ ਡੂੰਘੇ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਗੁਰਚਰਨ ਸਿੰਘ ਚੰਨ ਪ੍ਰਧਾਨ ਪੱਟੀ, ਸੁਨੀਲ ਕੁਮਾਰ ਲਵਲੀ ਅਰੋੜਾ ਪੱਟੀ, ਜਸਬੀਰ ਸਿੰਘ ਜੱਸ ਪ੍ਰਧਾਨ ਪੱਟੀ, ਸਤਪਾਲ ਅਰੋੜਾ ਸਾਬਕਾ ਕੌਂਸਲਰ, ਰਮਨ ਸ਼ਰਮਾ ਪੱਟੀ, ਮੁਨੀਸ਼ ਵਰਮਾ ਪੱਟੀ, ਲਖਵਿੰਦਰ ਸਿੰਘ ਭੁੱਟੋ, ਰਮਦੀਪ ਸਿਘ ਸੋਨੂੰ ਪੱਟੀ, ਅਮਨਦੀਪ ਸਿੰਘ ਰਾੜੀਆਂ, ਇਕਬਾਲ ਸਿੰਘ ਮੈਣੀ ਨੌਸ਼ਿਹਰਾ ਪਨੂੰਆਂ, ਅਮਰਜੀਤ ਸਿੰਘ ਐੱਚਕੇ ਪੱਟੀ, ਪ੍ਰਭਜੋਤ ਸਿੰਘ ਪ੍ਰਭ ਧਾਰੀਵਾਲ, ਅਮਰ ਸਿੰਘ ਦੁਬਲੀ, ਜੰਗ ਸਿੰਘ ਫ਼ਰਨੀਚਰ ਵਾਲੇ, ਗੁਰਦੇਵ ਸਿੰਘ ਸੋਨੂੰ, ਦਿਲਬਾਗ ਸਿੰਘ ਸੈਂਦੋ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਡੇਲੀਗੇਟ ਪੰਜਾਬ, ਆਦੇਸ ਸਿੰਘ ਕੈਰੋਂ, ਰਮਨ ਪ੍ਰਧਾਨ ਪੱਟੀ ਆਦਿ ਹਾਜ਼ਰ ਸਨ।