- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਇੱਟਾਂ ਵਾਲੀ ਟਰਾਲੀ ਨਾਲ ਟਕਰਾਉਣ ਵਾਲੀ ਬੱਸ ਦੇ ਚਾਲਕ ਹਾਦਸੇ ਤੋ ਬਾਅਦ ਬੁਰੀ ਤਰ੍ਹਾਂ ਨਾਲ ਫਸ ਗਿਆ, ਜਿਸ ਨੂੰ ਲੋਕਾਂ ਨੇ ਭਾਰੀ ਜੱਦੋ ਜਹਿਦ ਨਾਲ ਬੱਸ ਵਿੱਚੋਂ ਕੱਢਿਆ ਅਤੇ ਹਸਪਤਾਲ ਰਵਾਨਾ ਕੀਤਾ। ਦੂਜੇ ਪਾਸੇ ਹਾਦਸੇ ਦੇ ਤੁਰੰਤ ਬਾਅਦ ਆਸ ਪਾਸ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ ਅਤੇ ਬੱਸਾਂ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ।

ਜਸਪਾਲ ਜੱਸੀ/ਬੱਲੂ ਮਹਿਤਾ•ਪੰਜਾਬੀ ਜਾਗਰਣ, ਤਰਨਤਾਰਨ/ਪੱਟੀ : ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਸ਼ਾਮ ਦੋ ਸਰਕਾਰੀ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇਕ ਬੱਸ ਇੱਟਾਂ ਲੱਦੀ ਟਰਾਲੀ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਿਆ। ਜਿਸਦੇ ਚੱਲਦਿਆਂ ਬੱਸਾਂ ਦੇ ਚਾਲਕਾਂ ਤੋਂ ਇਲਾਵਾ ਟਰੈਕਟਰ ਟਰਾਲੀ ਸਵਾਰ ਦੋ ਵਿਅਕਤੀ ਅਤੇ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਦਾ ਪਤਾ ਚੱਲਦਿਆਂ ਹੀ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕਾਰਜ ਆਰੰਭ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਕ ਬੱਸ ਦਾ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵੱਲੋਂ ਦੋ ਸਰਕਾਰੀ ਬੱਸਾਂ ਹਰੀਕੇ ਵੱਲ ਜਾ ਰਹੀਆਂ ਸਨ। ਜਦੋਂ ਨੈਸ਼ਨਲ ਹਾਈਵੇ ਤੋਂ ਉਹ ਕਸਬੇ ਵਾਲੀ ਦੋ ਲੇਨ ਸੜਕ ’ਤੇ ਉੱਤਰੀਆਂ ਤਾਂ ਕਸਬੇ ਵੱਲ ਜਾਂਦਿਆਂ ਕੁਝ ਦੂਰੀ ’ਤੇ ਹੀ ਇਕ ਬੱਸ ਦੀ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਜਦੋਂਕਿ ਉਸਦੇ ਨਾਲ ਜਾ ਰਹੀ ਦੂਸਰੀ ਬੱਸ ਵੀ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਬੱਸਾਂ ਸਵਾਰੀਆਂ ਨਾਲ ਭਰੀਆਂ ਹੋਈਆਂ ਸਨ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਟਾਂ ਵਾਲੀ ਟਰਾਲੀ ਨਾਲ ਟਕਰਾਉਣ ਵਾਲੀ ਬੱਸ ਦੇ ਚਾਲਕ ਹਾਦਸੇ ਤੋ ਬਾਅਦ ਬੁਰੀ ਤਰ੍ਹਾਂ ਨਾਲ ਫਸ ਗਿਆ, ਜਿਸ ਨੂੰ ਲੋਕਾਂ ਨੇ ਭਾਰੀ ਜੱਦੋ ਜਹਿਦ ਨਾਲ ਬੱਸ ਵਿੱਚੋਂ ਕੱਢਿਆ ਅਤੇ ਹਸਪਤਾਲ ਰਵਾਨਾ ਕੀਤਾ। ਦੂਜੇ ਪਾਸੇ ਹਾਦਸੇ ਦੇ ਤੁਰੰਤ ਬਾਅਦ ਆਸ ਪਾਸ ਦੇ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ ਅਤੇ ਬੱਸਾਂ ਵਿਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਵੱਡੀ ਗਿਣਤੀ ਸਵਾਰੀਆਂ ਦੇ ਸੱਟਾਂ ਲੱਗੀਆਂ ਪਰ ਗੰਭੀਰ ਜ਼ਖ਼ਮੀ ਹੋਣ ਵਾਲੇ ਦਰਜਨ ਦੇ ਕਰੀਬ ਲੋਕਾਂ ਵਿੱਚੋਂ ਕੁਝ ਨੂੰ ਪੱਟੀ ਦੇ ਹਸਪਤਾਲ ਪਹੁੰਚਾਇਆ ਗਿਆ। ਜਦੋਂਕਿ ਕੁਝ ਸਵਾਰੀਆਂ ਮਾਲਵਾ ਖੇਤਰ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁੱਢਲੀ ਸਹਾਇਤਾ ਤੋਂ ਬਾਅਦ ਆਪੋ ਆਪਣੇ ਇਲਾਕੇ ਵਿਚ ਇਲਾਜ ਲਈ ਲੈ ਗਏ। ਹਾਦਸਾ ਸਥਾਨ ’ਤੇ ਪ੍ਰਤੱਖ ਦਰਸ਼ੀ ਗੁਰਭੇਜ ਸਿੰਘ ਨੇ ਦੱਸਿਆ ਕਿ ਦੋਵੇਂ ਬੱਸਾਂ ਨਾਲ ਨਾਲ ਆ ਰਹੀਆਂ ਸਨ ਅਤੇ ਇੱਟਾਂ ਨਾਲ ਲੱਦੀ ਟਰਾਲੀ ਨਾਲ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਸਾਂ ਵਿਚ ਸਵਾਰ ਯਾਤਰੂਆਂ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਬੱਸ ਦਾ ਇਕ ਚਾਲਕ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ।
ਦੂਜੇ ਪਾਸੇ ਮੌਕੇ ਉੱਪਰ ਪੁੱਜੇ ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਬੱਸਾਂ ਅੰਮ੍ਰਿਤਸਰ ਵੱਲੋਂ ਆ ਰਹੀਆਂ ਸਨ ਅਤੇ ਹਰੀਕੇ ’ਚ ਇਕ ਵਿਆਹ ਪੈਲੇਸ ਦੇ ਕੋਲ ਇਹ ਇੱਟਾਂ ਵਾਲੀ ਟਰਾਲੀ ਨਾਲ ਟਕਰਾ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਠ ਜ਼ਖ਼ਮੀਆਂ ਨੂੰ ਪੱਟੀ ਦੇ ਹਸਪਤਾਲ ਲਈ ਰਵਾਨਾ ਕੀਤਾ ਹੈ। ਜਦੋਂਕਿ ਫਰੀਦਕੋਟ ਇਲਾਕੇ ਨਾਲ ਸਬੰਧਤ ਕੁਝ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਸਾਥੀ ਆਪਣੇ ਇਲਾਕੇ ਵਿਚ ਇਲਾਜ ਲਈ ਲੈ ਗਏ ਹਨ। ਥਾਣਾ ਮੁਖੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਜ਼ਖ਼ਮੀਆਂ ਨੂੰ ਬਚਾਉਣ ਦਾ ਯਤਨ ਕੀਤਾ ਗਿਆ ਹੈ ਤੇ ਹਾਦਸੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਦੋ ਭੈਣਾਂ ਸਮੇਤ ਚਾਰ ਜ਼ਖ਼ਮੀ ਲਿਆਂਦੇ ਪੱਟੀ ਹਸਪਤਾਲ, ਦੋ ਰੈਫਰ
ਪੱਟੀ ਦੇ ਸਰਕਾਰੀ ਹਸਪਤਾਲ ਵਿਚ ਬਠਿੰਡਾ ਦੀਆਂ ਦੋ ਭੈਣਾਂ ਨੂੰ ਵੀ ਦਾਖਲ ਕਰਵਾਇਆ ਗਿਆ ਹੈ। ਕਰਮਵੀਰ ਕੌਰ ਅਤੇ ਨਵਪ੍ਰੀਤ ਕੌਰ ਪੁੱਤਰੀਆਂ ਹਰਫੂਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਆਈਆਂ ਸਨ ਅਤੇ ਆਪਣੇ ਘਰ ਪਰਤ ਰਹੀਆਂ ਸਨ। ਪਰ ਹਰੀਕੇ ਦੇ ਕੋਲ ਬੱਸ ਹਾਦਸਾਗ੍ਰਸਤ ਹੋ ਗਈ। ਇਨ੍ਹਾਂ ਤੋਂ ਇਲਾਵਾ ਦੋ ਹੋਰ ਜ਼ਖ਼ਮੀਆਂ ਨੂੰ ਇਥੇ ਲਿਆਂਦਾ ਗਿਆ। ਜਿਸ ਸਬੰਧੀ ਡਿਊਟੀ ਦੇ ਮੌਜੂਦ ਡਾਕਟਰ ਹਰਲੀਨ ਕੌਰ ਨੇ ਦੱਸਿਆ ਕਿ ਕੁਲਵੰਤ ਸਿੰਘ ਨਾਂ ਦੇ ਜ਼ਖ਼ਮੀ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਜ਼ਖ਼ਮੀ ਜਸਕਰਨ ਸਿੰਘ ਨੂੰ ਉਸਦੇ ਵਾਰਸ ਹਰੀਕੇ ਦੇ ਨਿੱਜੀ ਹਸਪਤਾਲ ਵਿਚ ਲੈ ਗਏ ਹਨ।