ਮਮਤਾ ਨਿਕੇਤਨ ’ਚ ਧੂਮ-ਧਾਮ ਨਾਲ ਮਨਾਈ ਗਈ ਬਸੰਤ ਪੰਚਮੀ
ਤਿਉਹਾਰ ਬਦਲਦੇ ਸੁਹਾਵਣੇ ਮੌਸਮ ਵਾਂਗ ਸਭ ਲਈ ਜੀਵਨ ਦੇ ਨਵੇਪਣ ਤੇ ਸੁੱਖ ਸਮ੍ਰਿਧੀ ਦਾ ਪ੍ਰਤੀਕ ਹੈ।
Publish Date: Sat, 24 Jan 2026 04:12 PM (IST)
Updated Date: Sun, 25 Jan 2026 04:01 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਮਮਤਾ ਨਿਕੇਤਨ ਤਰਨਤਾਰਨ ਵਿਖੇ ਹਰ ਦਿਨ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਚੱਲਦਿਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਨ੍ਹਾਂ ’ਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਉਨ੍ਹਾਂ ’ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਵੱਲੋਂ ਬਸੰਤ ਨਾਲ ਸਬੰਧਤ ਵੱਖ-ਵੱਖ ਗੀਤਾਂ ’ਤੇ ਆਕਰਸ਼ਕ ਨਾਚ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਬੱਚੇ ਪੀਲੀਆਂ ਪੌਸ਼ਾਕਾਂ ’ਚ ਸਜ ਕੇ ਆਏ ਤੇ ਉਨ੍ਹਾਂ ਵੱਲੋਂ ਪੀਲੇ ਰੰਗ ਦੇ ਵੱਖ-ਵੱਖ ਪਕਵਾਨ ਲਿਆਂਦੇ ਗਏ। ਬੱਚਿਆਂ ਨੇ ਰੰਗ ਬਿਰੰਗੀਆਂ ਪਤੰਗਾਂ ਅਤੇ ਫੁੱਲ ਬਣਾਏ ਤੇ ਸਲੋਗਨ ਲੇਖਨ ਤੇ ਲੇਖ ਰਚਨਾ ਆਦਿ ਮੁਕਾਬਲੇ ਵੀ ਕਰਵਾਏ ਗਏ। ਇਸ ਤਰ੍ਹਾਂ ਉਨ੍ਹਾਂ ਵੱਲੋਂ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਪ੍ਰਸੰਨਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਹ ਤਿਉਹਾਰ ਬਦਲਦੇ ਸੁਹਾਵਣੇ ਮੌਸਮ ਵਾਂਗ ਸਭ ਲਈ ਜੀਵਨ ਦੇ ਨਵੇਪਣ ਤੇ ਸੁੱਖ ਸਮ੍ਰਿਧੀ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਦਿਨ ਹੀ ਬਾਲ ਹਕੀਕਤ ਰਾਏ ਧਰਮੀ ਨੂੰ ਆਪਣੇ ਧਰਮ ਪ੍ਰਤੀ ਪੱਕਾ ਰਹਿਣ ਕਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਠੰਢੀ-ਮਿੱਠੀ ਰੁੱਤ ਦਾ ਆਨੰਦ ਮਾਣਦੇ ਹੋਏ ਆਪਸ ’ਚ ਰਲ-ਮਿਲ ਕੇ ਰਹਿਣ ਦੀ ਪ੍ਰੇਰਨਾ ਦਿੱਤੀ। ਕੈਪਸ਼ਨ- ਪੀਲੇ ਰੰਗ ਦੇ ਕੱਪੜੇ ਪਹਿਨ ਕੇ ਸਕੂਲ ਪੁੱਜੇ ਵਿਦਿਆਰਥੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ।