ਸਾਲਾਨਾ ਬਰਸੀ ਸਮਾਗਮ ਮੌਕੇ ਗੁਰਦੁਆਰਾ ਗੁਰਪੁਰੀ ਸਾਹਿਬ ਪੁੱਜੀ ਲੱਖਾਂ ਦੀ ਗਿਣਤੀ ’ਚ ਸੰਗਤ
ਸਾਲਾਨਾ ਬਰਸੀ ਸਮਾਗਮ ਮੌਕੇ ਗੁਰਦੁਆਰਾ ਗੁਰਪੁਰੀ ਸਾਹਿਬ ਪੁੱਜੀ ਲੱਖਾਂ ਦੀ ਗਿਣਤੀ ’ਚ ਸੰਗਤ
Publish Date: Thu, 01 Jan 2026 06:34 PM (IST)
Updated Date: Fri, 02 Jan 2026 04:09 AM (IST)

ਸੰਗਤਾਂ ਨੇ ਕੀਤਾ 58 ਯੂਨਿਟ ਖ਼ੂਨ ਦਾਨ, ਗੁਰੂ ਘਰ ਜਾਣ ਵਾਲੇ ਰਸਤਿਆਂ ’ਤੇ ਲੱਗੇ ਕਈ ਕਿਲੋਮੀਟਰ ਲੰਮੇ ਜਾਮ ਲਵਦੀਪ ਦੇਵਗਨ, •ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੱਚਖੰਡਵਾਸੀ ਸੰਤ ਬਾਬਾ ਚਰਨ ਸਿੰਘ ਜੀ ਦੀ ਯਾਦ ’ਚ ਸਾਲਾਨਾ ਬਰਸੀ ਸਮਾਗਮ ਦੌਰਾਨ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਅੱਜ ਸੰਗਤਾਂ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ। ਗੁਰਦੁਆਰਾ ਸਾਹਿਬ ਜਾਣ ਵਾਲੀ ਸੜਕ ’ਤੇ ਕਰੀਬ 4 ਕਿਲੋਮੀਟਰ ਲੰਬਾ ਵਾਹਨਾਂ ਦਾ ਜਾਮ ਲੱਗਾ ਰਿਹਾ। ਸੰਗਤ ਵਿਚ ਸ਼ਰਧਾ ਅਤੇ ਪ੍ਰੇਮ ਨਾਲ ਦਰਸ਼ਨ ਕਰਕੇ ਸੇਵਾ ਅਤੇ ਸਤਿਸੰਗ ਵਿਚ ਜੁੜੀਆਂ ਰਹੀਆਂ ਅਤੇ ਮਹਾਂਪੁਰਖਾਂ ਦੇ ਇਸ ਪਾਵਨ ਬਰਸੀ ਸਮਾਗਮ ਵਿਚ ਕਿਤੇ ਵੀ ਕਿਸੇ ਕਿਸਮ ਦੀ ਹੁੱਲੜਬਾਜ਼ੀ ਵੇਖਣ ਨੂੰ ਨਹੀਂ ਮਿਲੀ। ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਉੱਚ ਪੱਧਰੀ ਰਾਹਤ ਕਾਰਜਾਂ ਕਾਰਨ ਸੰਗਤ ਦੀ ਸੰਪਰਦਾਇ ਪ੍ਰਤੀ ਪ੍ਰੇਮ ਅਤੇ ਸ਼ਰਧਾ ਵਿਚ ਅਥਾਹ ਵਾਧਾ ਹੋਇਆ ਹੈ। ਸਮਾਗਮ ਵਿਚ ਦੇਸ਼ ਭਰ ਦੀਆਂ ਸੰਗਤਾਂ ਸਮੇਤ ਕਨੇਡਾ, ਆਸਟਰੇਲੀਆ, ਸਿੰਘਾਪੁਰ, ਮਲੇਸ਼ੀਆ, ਬੰਗਲਾਦੇਸ਼ ਅਤੇ ਯੂਰਪ ਦੇ ਕਈ ਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚੇ ਹੋਏ ਸਨ। ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਵੀਰਵਾਰ ਸਵੇਰ ਤੋਂ ਸੰਗਤ ਦਾ ਇਕੱਠ ਠਾਠਾਂ ਮਾਰਨ ਲੱਗਾ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਨੇ ਆਰਤੀ ਸ਼ਬਦ ਗਾਇਨ ਨਾਲ ਹਾਜ਼ਰੀ ਭਰੀ। ਇਸ ਮੌਕੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਸ੍ਰੀ ਮੁੱਖਵਾਕ ਦੀ ਕਥਾ ਨਾਲ ਦੀਵਾਨ ਦੀ ਆਰੰਭਤਾ ਹੋਈ। ਦੀਵਾਨ ਵਿਚ ਭਾਈ ਸੁਖਵੰਤ ਸਿੰਘ, ਭਾਈ ਹਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਦਲੀਪ ਸਿੰਘ ਫੱਕਰ ਰਬਾਬੀ, ਭਾਈ ਸੁਖਦੇਵ ਸਿੰਘ ਹਜੂਰੀ ਰਾਗੀ ਗੁਰਦੁਆਰਾ ਬੇਰ ਸਾਹਿਬ ਅਤੇ ਹੋਰ ਕਈ ਪੰਥ ਪ੍ਰਸਿੱਧ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਡਾ. ਭਗਵਾਨ ਸਿੰਘ ਜੌਹਲ ਤੇ ਹਰਭਜਨ ਸਿੰਘ ਸੰਧੂ ਸਕੱਤਰ ਸੰਪਰਦਾਇ ਨੇ ਸਟੇਜ ਸੈਕਟਰੀ ਵਜੋਂ ਸੇਵਾ ਨਿਭਾਈ। ਇਸ ਮੌਕੇ ਵੱਖ ਵੱਖ ਸੰਪਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚੇ, ਜਿਨ੍ਹਾਂ ਵਿਚ ਸੰਤ ਬਾਬਾ ਅਵਤਾਰ ਸਿੰਘ ਤੇ ਸੰਤ ਬਾਬਾ ਗੁਰਬਚਨ ਸਿੰਘ ਦਲ ਬਾਬਾ ਬਿਧੀ ਚੰਦ ਸੁਰ ਸਿੰਘ, ਸੰਤ ਬਾਬਾ ਬਲਜੀਤ ਸਿੰਘ ਦਾਦੂ ਵਾਲੇ, ਬਾਬਾ ਮਨਵੀਰ ਸਿੰਘ ਝੂਲਣੇ ਮਹਿਲ, ਸੰਤ ਗਿਆਨੀ ਰਾਮ ਸਿੰਘ ਦਮਦਮੀ ਟਕਸਾਲ ਜਥਾ ਸੰਗਰਾਵਾਂ, ਬਾਬਾ ਖੜਕ ਸਿੰਘ ਗੁਰਦੁਆਰਾ ਗੁਪਤਸਰ ਸਾਹਿਬ ਅਨੰਦਪੁਰ ਸਾਹਿਬ ਵਾਲੇ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਸਮੇਤ ਢਾਕਾ ਤੋਂ ਡਾ. ਐੱਮਕੇ ਰਾਏ ਮੈਂਬਰ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਮਨ ਸਿੰਘ ਆਸਟਰੇਲੀਆ, ਸਾਹਿਬ ਸਿੰਘ ਮੁੰਬਈ, ਪ੍ਰਭਜੋਤ ਸਿੰਘ ਏਬੀਟੀਸੀ ਟਰਾਂਸਪੋਰਟ ਵਾਲੇ, ਹਰਜੀਤ ਸਿੰਘ ਸਿੰਘਾਪੁਰ, ਸੁਰੇਸ਼ ਭਾਟੀਆ ਦਿੱਲੀ, ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਬੀਬੀ ਦਵਿੰਦਰ ਕੌਰ ਕਾਲੜਾ, ਹਰਦੇਵ ਸਿੰਘ ਕਰਮੂਵਾਲਾ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦਿਆਲ ਸਿੰਘ ਕਾਲੜਾ, ਦਇਆ ਸਿੰਘ ਚੇਅਰਮੈਨ, ਡਾ. ਇੰਦਰਜੀਤ ਸਿੰਘ ਮੈਂਬਰ, ਸਵਰਨ ਸਿੰਘ ਚੇਅਰਮੈਨ ਦਦੇਹਰ ਸਾਹਿਬ, ਪ੍ਰਤਾਪ ਸਿੰਘ ਮੈਨੇਜਰ, ਸਾਹਿਬ ਸਿੰਘ ਸਾਬਕਾ ਸਰਪੰਚ ਸਰਹਾਲੀ, ਅਰਜਨ ਸਿੰਘ ਸੰਧੂ ਸਮਾਜ ਸੇਵੀ, ਸਿਕੰਦਰ ਸਿੰਘ ਵਰਾਣਾ ਮੁੱਖ ਬੁਲਾਰਾ, ਸੰਪਰਦਾਇ ਕਾਰ ਸੇਵਾ ਸਰਹਾਲੀ ਤੇ ਹੋਰ ਕਈ ਸਤਿਕਾਰਤ ਹਸਤੀਆਂ ਮੌਜੂਦ ਸਨ। ਗੁਰੂ ਕੇ ਲੰਗਰਾਂ ਵਿਚ ਕਈ ਕਿਸਮ ਦੇ ਪਦਾਰਥ ਸਾਰਾ ਦਿਨ ਅਤੁੱਟ ਵਰਤੇ। ਇਸ ਮੌਕੇ ਸਾਰਾ ਦਿਨ ਚੱਲਿਆ ਖੂਨਦਾਨ ਕੈਂਪ, 58 ਯੂਨਿਟ ਖ਼ੂਨ ਦਾਨ ਹੋਇਆ। ਸ਼ਾਮ ਨੂੰ ਨਿਹੰਗ ਸਿੰਘ ਫੌਜਾਂ ਵੱਲੋਂ ਘੋੜ-ਦੌੜ ਅਤੇ ਖਾਲਸਾਈ ਜੰਗੀ ਕਰਤਬ ਦਿਖਾਏ ਗਏ। ਇਸ ਮੌਕੇ ਗਿਆਨੀ ਕਰਤਾਰ ਸਿੰਘ ਕਿਰਤੀ ਸਭਰਾਵਾਂ ਵਾਲਿਆਂ ਨੇ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੂੰ ਆਪਣੇ ਹੱਥੀਂ ਤਿਆਰ ਕੀਤੇ ਹੋਏ ਖੰਜਰ ਭੇਟ ਕੀਤੇ। ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 2 ਜਨਵਰੀ ਵੀਰਵਾਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸਮੂਹਕ ਅਨੰਦ ਕਾਰਜ ਵੀ ਹੋਣਗੇ।