ਜਥੇਦਾਰ ਬ੍ਰਹਮਪੁਰਾ ਦੀ ਬਰਸੀ ਕੱਲ੍ਹ ਮਨਾਈ ਜਾਵੇਗੀ
ਬ੍ਰਹਮਪੁਰਾ ’ਚ 28 ਫਰਵਰੀ ਨੂੰ ਮਨਾਈ ਜਾਵੇਗੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ
Publish Date: Thu, 26 Feb 2026 07:07 PM (IST)
Updated Date: Fri, 27 Feb 2026 04:10 AM (IST)

ਰਾਕੇਸ਼ ਨਈਅਰ. •ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਤੇ ਮਾਝੇ ਦੇ ਜਰਨੈਲ ਮੰਨੇ ਜਾਣ ਵਾਲੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਬਰਸੀ ਸਮੂਹ ਬ੍ਰਹਮਪੁਰਾ ਪਰਿਵਾਰ ਵਲੋਂ 28 ਫ਼ਰਵਰੀ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਬ੍ਰਹਮਪੁਰਾ, ਹਲਕਾ ਖਡੂਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਪੁੱਤਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਇਸ ਮੌਕੇ ‘ਤੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤਾਂ ਹਾਜਰੀ ਭਰਨਗੀਆਂ। ਬ੍ਰਹਮਪੁਰਾ ਤੇ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ ਤੇ ਅਮਰੀਕ ਸਿੰਘ ਸਰਪੰਚ ਚੋਹਲਾ ਸਾਹਿਬ ਨੇ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਇਕ ਬੇਦਾਗ, ਨਿਰਭੀਕ ਅਤੇ ਅਡੋਲ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬ, ਪੰਥ ਅਤੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤੀ। ਉਹ ਮਾਝੇ ਦੀ ਸਿਆਸਤ ਵਿਚ ਇਕ ਮਜ਼ਬੂਤ ਸਤੰਭ ਸਨ ਅਤੇ ਹਮੇਸ਼ਾਂ ਸਿਧਾਂਤਕ ਰਾਜਨੀਤੀ ਦੇ ਹਾਮੀ ਰਹੇ। ਜਥੇਦਾਰ ਬ੍ਰਹਮਪੁਰਾ ਕਈ ਵਾਰ ਵਿਧਾਇਕ ਰਹੇ ਅਤੇ ਖਡੂਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ, ਇਲਾਕੇ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ। ਉਹ ਪੰਜਾਬ ਸਰਕਾਰ ਵਿਚ ਦੋ-ਵਾਰ ਕੈਬਨਿਟ ਮੰਤਰੀ ਵਜੋਂ ਵੀ ਸੇਵਾ ਨਿਭਾ ਚੁੱਕੇ ਸਨ। ਇਸ ਤੋਂ ਇਲਾਵਾ ਉਹ ਲੋਕ ਸਭਾ ਦੇ ਮੈਂਬਰ ਵਜੋਂ ਵੀ ਦੇਸ਼ ਦੀ ਸੰਸਦ ਵਿਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬਣੇ। ਲੋਕਾਂ ਨਾਲ ਸਿੱਧੀ ਗੱਲਬਾਤ ਅਤੇ ਸਾਦਗੀਪੂਰਨ ਜੀਵਨ ਸ਼ੈਲੀ ਕਰਕੇ ਉਹ ਹਰ ਵਰਗ ਵਿਚ ਲੋਕਪ੍ਰਿਯ ਸਨ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ, ਪਰ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਹੀ ਅਸਲੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਅਤੇ ਪਾਰਟੀ ਵਰਕਰਾਂ ਨੂੰ ਬਰਸੀ ਸਮਾਗਮ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਤਨਾਮ ਸਿੰਘ ਚੋਹਲਾ ਸਾਹਿਬ ਤੋਂ ਇਲਾਵਾ ਅਮਰੀਕ ਸਿੰਘ ਸਰਪੰਚ ਚੋਹਲਾ ਸਾਹਿਬ, ਗੁਰਦੇਵ ਸਿੰਘ, ਦਿਲਬਰ ਸਿੰਘ, ਹਰਜਿੰਦਰ ਸਿੰਘ ਬਾਦਸ਼ਾਹ, ਮਾਸਟਰ ਗੁਰਨਾਮ ਸਿੰਘ ਧੁੰਨ, ਮਾਸਟਰ ਦਲਬੀਰ ਸਿੰਘ ਚੰਬਾ, ਸੁਖਜਿੰਦਰ ਸਿੰਘ ਸਾਬਕਾ ਸਰਪੰਚ ਪੱਖੋਪੁਰ, ਜਗਰੂਪ ਸਿੰਘ ਪ੍ਰਧਾਨ ਪੱਖੋਪੁਰ, ਸਾਬਕਾ ਸਰਪੰਚ ਰੱਤੋਕੇ, ਗੁਰਮੀਤ ਸਿੰਘ ਸੈਕਟਰੀ ਰੱਤੋਕੇ, ਮਨਜਿੰਦਰ ਸਿੰਘ ਲਾਟੀ, ਰਣਜੀਤ ਸਿੰਘ ਕਵੀਸ਼ਰ, ਬਲਦੇਵ ਸਿੰਘ ਤੇ ਬਾਕੀ ਹੋਰ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੌਜੂਦ ਸਨ।