- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਹਵਾ ਗੁਣਵੱਤਾ ਇੰਡੈਕਸ ਨੂੰ ਸੁਧਾਰਨ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਤੇਜ਼ਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡਾਂ ’ਚ ਆਈਈਸੀ ਗਤੀਵਿਧੀਆਂ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਅਜਿਹਾ ਕੈਂਪ ਬਲਾਕ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਡਾ. ਯਾਦਵਿੰਦਰ ਸਿੰਘ ਵੱਲੋਂ ਪਿੰਡ ਘੱਗੇ ਵਿਖੇ ਲਾਇਆ ਗਿਆ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਫ਼ਸਰ, ਪੰਚਾਇਤ ਮੈਂਬਰ, ਸਰਕਾਰੀ ਨੁਮਾਇੰਦੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਰੋਜ਼ਾਨਾ ਕਿਸਾਨਾਂ ਨੂੰ ਮਿਲ ਰਹੇ ਹਨ। ਮਕਸਦ ਇੱਕੋਂ ਇਕ ਹੈ- ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਖੇਤ ’ਚ ਰਹਿ ਜਾਣ ਵਾਲੇ ਨਾੜ ਨੂੰ ਅੱਗ ਨਾ ਲਾਉਣਾ।
ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ’ਚ ਪੰਜਾਬ ’ਚ ਪਰਾਲੀ ਜਲਾਉਣ ਵਾਲੀਆਂ ਘਟਨਾਵਾਂ ’ਚ ਕਾਫ਼ੀ ਕਮੀ ਆਈ ਹੈ। ਪਰ ਅਜੇ ਵੀ ਕੁਝ ਥਾਵਾਂ ’ਤੇ ਇਹ ਸਮੱਸਿਆ ਜਾਰੀ ਹੈ। ਇਸ ਲਈ ਸਰਕਾਰ ਤੇ ਵੱਖ-ਵੱਖ ਸੰਸਥਾਵਾਂ ਨੇ ਇਸ ਸਾਲ ਵੀ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਕਿਸਾਨ ਸਿਖਲਾਈ ਕੈਂਪਾਂ ’ਚ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਸਮਝਾਇਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਨਾਲ ਹਵਾ ’ਚ ਜ਼ਹਿਰੀਲਾ ਧੂੰਆਂ ਵਧਦਾ ਹੈ, ਜਿਸ ਨਾਲ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰੀ ਭਾਰਤ ’ਚ ਸਾਹ ਦੀਆਂ ਬਿਮਾਰੀਆਂ ਵਧਦੀਆਂ ਹਨ।
ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ ਕਿਉਂਕਿ ਮਿੱਟੀ ’ਚ ਮੌਜੂਦ ਜੈਵਿਕ ਪਦਾਰਥ ਅੱਗ ਨਾਲ ਸੜ ਜਾਂਦੇ ਹਨ। ਮੌਸਮੀ ਤਬਦੀਲੀ ਨੂੰ ਹੋਰ ਵਧਾਉਂਦੀ ਹੈ ਤੇ ਭਵਿੱਖ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ। ਸਿਹਤ ਤੇ ਬੱਚਿਆਂ-ਬਜ਼ੁਰਗਾਂ ਦੀ ਸਾਹ ਲੈਣ ’ਚ ਮੁਸ਼ਕਿਲ ਪੈਂਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੁਪਰ ਸੀਡਰ, ਹੈਪੀ ਸੀਡਰ ਤੇ ਸਟਰਾਅ ਮੈਨੇਜਮੈਂਟ ਮਸ਼ੀਨਾਂ ਸਬਸਿਡੀ 'ਤੇ ਉਪਲੱਬਧ ਹਨ। ਪੰਜਾਬ ਸਰਕਾਰ ਨੇ ਸਖ਼ਤੀ ਵੀ ਵਰਤੀ ਹੋਈ ਹੈ। ਜੇਕਰ ਕੋਈ ਕਿਸਾਨ ਪਰਾਲੀ ਜਲਾਉਂਦਾ ਹੈ, ਤਾਂ ਉਸ ਦੀ ਜ਼ਮੀਨ ’ਚ ਰੈੱਡ ਐਂਟਰੀ ਲੱਗ ਸਕਦੀ ਹੈ, ਐੱਫਆਈਆਰ ਦਰਜ ਹੋ ਸਕਦੀ ਹੈ ਤੇ ਹੋਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਸਾਫ਼ ਹਵਾ, ਸਿਹਤਮੰਦ ਧਰਤੀ ਤੇ ਬਿਹਤਰ ਫ਼ਸਲਾਂ ਸਾਡੇ ਹੱਥ ’ਚ ਹਨ।
ਇਸ ਮੌਕੇ ਉਨ੍ਹਾਂ ਨਾਲ ਪਿੰਡ ਘੱਗੇ ਦੇ ਸਰਪੰਚ ਹਰਜਿੰਦਰ ਸਿੰਘ, ਕਿਸਾਨ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਬਲਜਿੰਦਰ ਸਿੰਘ ਕੋਮਨ ਸਰਵਿਸ ਸੈਂਟਰ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ ਗੁਰਪ੍ਰਤਾਪ ਸਿੰਘ, ਅਮਰਜੀਤ ਸਿੰਘ, ਅੰਗਰੇਜ਼ ਸਿੰਘ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ ਤੇ ਪਿੰਡ ਤੇ ਕਿਸਾਨ ਹਾਜ਼ਰ ਸਨ।